BJP ਆਗੂ ਖਿਲਾਫ FIR ਦਰਜ: ਇੰਤਕਾਲ ਬਦਲੇ 3.5 ਲੱਖ ਲੈਣ ਦੇ ਦੋਸ਼, ਪੜ੍ਹੋ ਪੂਰੀ ਖ਼ਬਰ

  • ਭਾਜਪਾ ਵੀ ਕਰੇਗੀ ਕਾਰਵਾਈ

ਖੰਨਾ, 12 ਜੁਲਾਈ 2023 – ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਏਡੀਸੀ ਦੇ ਸੇਵਾਮੁਕਤ ਰੀਡਰ ਖ਼ਿਲਾਫ਼ ਰਿਸ਼ਵਤਖੋਰੀ ਦਾ ਕੇਸ ਦਰਜ ਕੀਤਾ ਗਿਆ ਹੈ। ਰੀਡਰ ਨੇ ਆਪਣੀ ਡਿਊਟੀ ਦੌਰਾਨ ਜ਼ਮੀਨ ਦਾ ਇੰਤਕਾਲ ਕਰਵਾਉਣ ਦੇ ਬਦਲੇ ਸਾਢੇ ਤਿੰਨ ਲੱਖ ਰੁਪਏ ਲਏ ਸਨ ਪਰ ਰਿਸ਼ਵਤ ਲੈ ਕੇ ਵੀ ਕੰਮ ਸਿਰੇ ਨਹੀਂ ਚਾੜ੍ਹਿਆ ਗਿਆ। ਥਾਣਾ ਸਮਰਾਲਾ ਦੀ ਪੁਲੀਸ ਨੇ ਗੁਰਜੀਤ ਸਿੰਘ ਵਾਸੀ ਪਿੰਡ ਨਾਗਰਾ ਦੀ ਸ਼ਿਕਾਇਤ ’ਤੇ ਰਿਟਾਇਰਡ ਰੀਡਰ ਯਸ਼ਪਾਲ ਗੋਪਾਲ ਮੰਟਾ ਵਾਸੀ ਹਰਨਾਮ ਨਗਰ ਸਮਰਾਲਾ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਸ਼ਿਕਾਇਤਕਰਤਾ ਗੁਰਜੀਤ ਸਿੰਘ ਨੇ ਪੁਲੀਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ ਉਸ ਦੀ ਜ਼ਮੀਨ ਦਾ ਇੰਤਕਾਲ ਸਬੰਧੀ ਕੇਸ ਏਡੀਸੀ ਦੀ ਅਦਾਲਤ ਵਿੱਚ ਚੱਲ ਰਿਹਾ ਸੀ। ਉਸ ਸਮੇਂ ਯਸ਼ਪਾਲ ਗੋਪਾਲ ਰੀਡਰ ਸਨ। ਗੁਰਜੀਤ ਸਿੰਘ ਨੇ ਰਾਮ ਗੋਪਾਲ ਨਾਂ ਦੇ ਵਿਅਕਤੀ ਰਾਹੀਂ ਯਸ਼ਪਾਲ ਗੋਪਾਲ ਨਾਲ ਮਾਮਲੇ ਦੀ ਗੱਲ ਕੀਤੀ ਤਾਂ ਯਸ਼ਪਾਲ ਨੇ ਕੇਸ ਨੂੰ ਸੁਲਝਾਉਣ ਲਈ 5 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਮਾਮਲਾ ਸ਼ਿਕਾਇਤਕਰਤਾ ਦੇ ਪੱਖ ‘ਚ ਕਰਨ ਲਈ ਸਾਢੇ ਤਿੰਨ ਲੱਖ ਰੁਪਏ ਵਿੱਚ ਮਾਮਲਾ ਨਿਪਟਾਇਆ ਗਿਆ।

ਰੀਡਰ ਯਸ਼ਪਾਲ ਗੋਪਾਲ ਨੂੰ 7 ਮਈ 2018 ਨੂੰ 1.5 ਲੱਖ ਰੁਪਏ, 28 ਮਈ 2018 ਨੂੰ 1 ਲੱਖ ਰੁਪਏ ਅਤੇ 10 ਜੂਨ 2018 ਨੂੰ 1 ਲੱਖ ਰੁਪਏ ਦਿੱਤੇ ਗਏ ਸਨ। ਰੀਡਰ ਦੇ ਘਰ ਰਾਮ ਗੋਪਾਲ ਦੇ ਸਾਹਮਣੇ ਸਾਰੀ ਰਕਮ ਦਿੱਤੀ ਗਈ ਪਰ ਰਿਸ਼ਵਤ ਲੈਣ ਦੇ ਬਾਵਜੂਦ ਸ਼ਿਕਾਇਤਕਰਤਾ ਦਾ ਕੰਮ ਨਹੀਂ ਹੋਇਆ। ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ। ਤਾਲ ਮਟੋਲ ਕਰਦਿਆਂ ਯਸ਼ਪਾਲ ਗੋਪਾਲ 30 ਸਤੰਬਰ 2019 ਨੂੰ ਸੇਵਾਮੁਕਤ ਹੋ ਗਿਆ।

ਇਸ ਸਬੰਧੀ ਗੁਰਜੀਤ ਸਿੰਘ ਨੇ 23 ਨਵੰਬਰ 2022 ਨੂੰ ਐਸਐਸਪੀ ਖੰਨਾ ਨੂੰ ਸ਼ਿਕਾਇਤ ਕੀਤੀ ਸੀ। ਜਾਂਚ ਤੋਂ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਯਸ਼ਪਾਲ ਗੋਪਾਲ ਮੈਂਟਾ ਸੇਵਾਮੁਕਤੀ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਹ ਭਾਜਪਾ ਸਮਰਾਲਾ ਮੰਡਲ ਦੇ ਪ੍ਰਧਾਨ ਅਤੇ ਖੰਨਾ ਇਕਾਈ ਦੇ ਕਾਰਜਕਾਰਨੀ ਮੈਂਬਰ ਵੀ ਰਹੇ।

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਦੀ ਪਾਰਟੀ ਪੱਧਰ ’ਤੇ ਵੀ ਜਾਂਚ ਕੀਤੀ ਜਾਵੇਗੀ। ਜੇਕਰ ਪੁਲਿਸ ਭਾਜਪਾ ਆਗੂ ਯਸ਼ਪਾਲ ਨਾਲ ਧੱਕਾ ਕਰਦੀ ਹੈ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਯਸ਼ਪਾਲ ਦੀ ਗਲਤੀ ਹੈ ਤਾਂ ਪਾਰਟੀ ਪੱਧਰ ‘ਤੇ ਵੀ ਕਾਰਵਾਈ ਕੀਤੀ ਜਾਵੇਗੀ। ਉਹ ਇਸ ਮਾਮਲੇ ਵਿੱਚ ਐਸਐਸਪੀ ਖੰਨਾ ਨਾਲ ਵੀ ਗੱਲ ਕਰਨਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਪੁਲਿਸ ਦੇ ਸਸਪੈਂਡ ਪੁਲਿਸ ਮੁਲਾਜ਼ਮ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌ+ਤ, ਪਿਤਾ ਦੀ ਥਾਂ ‘ਤੇ ਮਿਲੀ ਸੀ ਨੌਕਰੀ

ਮੀਂਹ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਦਿੱਤੀ ਵਿੱਤੀ ਸਹਾਇਤਾ