ਫਿਰੋਜ਼ਪੁਰ, 1 ਜੂਨ 2024- ਫਿਰੋਜ਼ਪੁਰ ਤੋਂ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ਦੇ ਵਿਰੁੱਧ ਗੁਰੂਹਰਸਹਾਏ ਪੁਲਿਸ ਦੇ ਵਲੋਂ ਚੋਣ ਜ਼ਾਬਤੇ ਦੀ ਉਲੰਘਨਾ ਕਰਨ ਅਤੇ ਵੋਟ ਪਾਉਣ ਸਮੇਂ ਵੀਡੀਓ ਗ੍ਰਾਫੀ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ-10 ਦੇ ਡੀ.ਈ.ਓ-ਕਮ-ਡੀ.ਸੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਇਸ ਹਲਕੇ ਤੋਂ ਬਸਪਾ ਦੀ ਟਿਕਟ ‘ਤੇ ਚੋਣ ਲੜ ਰਹੇ ਉਮੀਦਵਾਰ ਸੁਰਿੰਦਰ ਕੰਬੋਜ ਨੇ ਵੋਟ ਪੋਲਿੰਗ ਵੇਲੇ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ।
ਵੀਡੀਓ ਸਾਹਮਣੇ ਆਉਣ ਮਗਰੋਂ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਗੁਰੂਹਰਸਹਾਏ ਵਿਖੇ 171 ਐਫ ਆਈ.ਪੀ.ਸੀ., 126 ਅਤੇ 132 ਆਰ.ਪੀ. ਐਕਟ 1951 ਤਹਿਤ 1 ਜੂਨ 2024 ਨੂੰ ਮੁਕੱਦਮਾ ਨੰ: 98 ਦਰਜ ਕੀਤਾ ਗਿਆ ਹੈ।
ਡੀਸੀ ਨੇ ਸਾਰੇ ਉਮੀਦਵਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਸੰਵਿਧਾਨ ਦੀ ਉਲੰਘਣਾ ਨਾ ਕਰਨ ਅਤੇ ਇਸ ਵਿੱਚ ਵੀ ਕਾਨੂੰਨ ਅਨੁਸਾਰ ਕਾਰਵਾਈ ਕਰਨੀ ਪਵੇਗੀ। ਉਮੀਦ ਹੈ ਕਿ ਸਾਰੇ ਉਮੀਦਵਾਰ ਚੋਣਾਂ ਨੂੰ ਪਾਰਦਰਸ਼ੀ ਅਤੇ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਨਗੇ।