ਚੰਡੀਗੜ੍ਹ, 10 ਦਸੰਬਰ 2023 – ਪੰਜਾਬ ਦੇ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਦੋ ਹੋਰ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ‘ਤੇ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਵਿਅਕਤੀ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਦਾ ਦੋਸ਼ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਪਹਿਲਾਂ ਪੇਸ਼ ਕੀਤੀ ਅੰਤਿਮ ਰਿਪੋਰਟ ’ਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਵਿਸ਼ੇਸ਼ ਡੀਜੀਪੀ ਅਤੇ ਹਾਈ ਕੋਰਟ ਵੱਲੋਂ ਗਠਿਤ ਐਸਆਈਟੀ ਦੇ ਮੁਖੀ ਗੁਰਪ੍ਰੀਤ ਦੇਵ ਨੇ ਕੱਲ੍ਹ ਅਦਾਲਤ ਵਿੱਚ ਹਲਫ਼ਨਾਮਾ ਦਾਇਰ ਕੀਤਾ। ਜਾਂਚ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ 1994 ਦੇ ਐਨਕਾਊਂਟਰ ਵਿਚ ਜਿਸ ਵਿਚ ਕਾਲਾ ਅਫਗਾਨਾ ਪਿੰਡ ਦਾ ਸੁਖਪਾਲ ਸਿੰਘ ਮਾਰਿਆ ਗਿਆ ਸੀ, ਵਿਚ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਕੇ ਐਫ.ਆਈ.ਆਰ. ਦਰਜ ਕੀਤੀ ਗਈ ਸੀ।
ਉਮਰਾਨੰਗਲ ਦੇ ਨਾਲ ਜਿਨ੍ਹਾਂ ਦੋ ਹੋਰ ਪੁਲੀਸ ਮੁਲਾਜ਼ਮਾਂ ’ਤੇ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿੱਚ ਮੋਰਿੰਡਾ ਦੇ ਤਤਕਾਲੀ ਡੀਐਸਪੀ ਜਸਪਾਲ ਸਿੰਘ ਅਤੇ ਲੁਠੇੜੀ ਪੁਲੀਸ ਚੌਕੀ ਦੇ ਤਤਕਾਲੀ ਇੰਚਾਰਜ ਏਐਸਆਈ ਗੁਰਦੇਵ ਸਿੰਘ (ਜਿਸ ਦੀ ਹੁਣ ਮੌਤ ਹੋ ਚੁੱਕੀ ਹੈ) ਸ਼ਾਮਲ ਹਨ।
ਐਸਆਈਟੀ ਨੇ ਰਿਪੋਰਟ ਵਿੱਚ ਕਿਹਾ ਹੈ ਕਿ 29 ਜੁਲਾਈ 1994 ਨੂੰ ਆਰਮਜ਼ ਐਕਟ ਅਤੇ ਟਾਡਾ ਦੇ ਤਹਿਤ ਮ੍ਰਿਤਕ ਦੇ ਖਿਲਾਫ ਦਰਜ ਕੀਤੀ ਗਈ ਐਫਆਈਆਰ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਕੇਸ ਸ਼ਾਮਲ ਅਫਸਰਾਂ ਦੁਆਰਾ ਝੂਠ ਦੇ ਆਧਾਰ ‘ਤੇ ਦਰਜ ਕੀਤਾ ਗਿਆ ਸੀ।
ਹਾਈ ਕੋਰਟ ਸੁਖਪਾਲ ਸਿੰਘ ਦੀ ਪਤਨੀ ਦਲਬੀਰ ਕੌਰ ਅਤੇ ਪਿਤਾ ਜਗੀਰ ਸਿੰਘ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਹੈ। ਜਿਨ੍ਹਾਂ ਦਾ ਦੋਸ਼ ਹੈ ਕਿ ਪੁਲਿਸ ਨੇ ਸੁਖਪਾਲ ਦਾ ਕਤਲ ਕੀਤਾ ਹੈ। ਇੰਨਾ ਹੀ ਨਹੀਂ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਉਕਤ ਮੁਕਾਬਲੇ ‘ਚ ਅੱਤਵਾਦੀ ਗੁਰਨਾਮ ਸਿੰਘ ਬੰਡਾਲਾ ਉਰਫ ਨੀਲਾ ਤਾਰਾ ਨੂੰ ਮਾਰ ਦਿੱਤਾ ਸੀ।