- ਅੰਮ੍ਰਿਤ ਛਕਣ ਤੋਂ ਬਾਦ ਵੀ ਜਾਤ-ਪਾਤ ਦਾ ਕੋਹੜ੍ਹ ਬਰਕਰਾਰ
- ਅਕਾਲੀ ਆਗੂਆਂ ਦਾ ਚੁੱਪ ਰਹਿਣਾ ਕਈ ਸਵਾਲ ਕਰਦੈ ਖੜ੍ਹੇ
- ਸਿੱਖ ਧਰਮ ‘ਚ 98% ਕੁਰਬਾਨੀਆਂ ਮਿਹਨਤਕਸ਼ ਸਮਾਜ ਦੀਆਂ
- ਇੱਕ ਵਿਸ਼ੇਸ਼ ਵਰਗ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ “ਹਾਈ ਜੈਕ” ਕੀਤੈ
ਰਾਏਕੋਟ/ਲੁਧਿਆਣਾ, 19 ਅਕਤੂਬਰ 2024 – “ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੰਘ ਸਾਹਿਬਾਨ ਮਾਨਯੋਗ ਗਿਆਨੀ ਹਰਪ੍ਰੀਤ ਸਿੰਘ (ਸਿੱਖ ਕੌਮ ਨੂੰ ਸੇਧ ਦੇਣ ਵਾਲੇ) ਵਿਰੁੱਧ ਕਥਿਤ ਜਾਤੀ ਸ਼ਬਦ ਬੋਲਣ, ਉਨਾਂ ਦੀਆਂ ਧੀਆਂ ਭੈਣਾਂ ਬਾਰੇ ਕਥਿਤ ਭੱਦੀ ਸ਼ਬਦਾਵਲੀ ਬੋਲਣ ਵਾਲੇ, ਜਾਤੀ ਅਭਿਮਾਨੀ ਵਿਰਸਾ ਸਿੰਘ ਵਲਟੋਹਾ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ ਅਤੇ ਵਲਟੋਹਾ ਵਿਰੁੱਧ ਤੁਰੰਤ ਪਰਚਾ ਦਰਜ ਕੀਤਾ ਜਾਵੇ ਤਾਂ ਜੋ ਅੱਗੋਂ ਨੂੰ ਕੋਈ ਜਾਤੀ ਅਭਿਮਾਨੀ ਵਿਆਕਤੀ ਸਿੰਘ ਸਾਹਿਬਾਨਾਂ ਨੂੰ ਇਸ ਤਰਾਂ ਬੇਪਤ ਨਾ ਕਰੇ”।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਚਮਕੌਰ ਸਿੰਘ ਵੀਰ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ ਨੇ ਕੀਤਾ।
ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਸ੍ਰ ‘ਚਮਕੌਰ ਸਿੰਘ ਵੀਰ’ ਨੇ ਇਹ ਵੀ ਕਿਹਾ ਕਿ ਸਿੱਖ ਧਰਮ ਦੇ ਵਿੱਚ 98% ਕੁਰਬਾਨੀਆਂ ਮਿਹਨਤਕਸ਼ ਸਮਾਜ ਦੀਆਂ ਹੋਣ ਦੇ ਬਾਵਜੂਦ, ਗੁਰੂ ਸਹਿਬਾਨ ਨੂੰ ਔਖੀ ਘੜੀ ਵਿੱਚ ਬੇਦਾਵਾ ਦੇਣ ਵਾਲੇ ਇੱਕ ਵਿਸ਼ੇਸ਼ ਵਰਗ(ਕੁਝ ਕੁ ਨੂੰ ਛੱਡਕੇ) ਸਿੱਖ ਪੰਥ ਅਤੇ 36 ਮਹਾਂਪੁਰਸ਼ਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ “ਹਾਈ ਜੈਕ” ਕਰ ਰੱਖਿਆ ਹੈ।ਗੁਰੂ ਸਾਹਿਬਾਨ ਦੇ ਉਪਦੇਸ਼ ਮੁਤਾਬਿਕ ਕੋਈ ਜਾਤ-ਪਾਤ ਨਹੀਂ ਹੈ, ਪ੍ਰੰਤੂ ਅੰਮ੍ਰਿਤ ਛੱਕਣ ਤੋਂ ਬਾਅਦ ਵੀ ਸਿੱਖ ਧਰਮ ਵਿੱਚ ਜਾਤ ਪਾਤ ਦਾ ਕੋਹੜ ਅਜੇ ਤੱਕ ਵੀ ਨਹੀਂ ਗਿਆ।
ਇਸ ਸਬੰਧੀ ਸ੍ਰ ਸੁਖਬੀਰ ਸਿੰਘ ਬਾਦਲ, ਸ੍ਰ ਬਲਵਿੰਦਰ ਸਿੰਘ ਭੂੰਦੜ ਅਤੇ ਸ਼੍ਰੋਮਣੀ ਕਮੇਟੀ ਦਾ ਚੁੱਪ ਰਹਿਣਾ ਵੀ ਕਈ ਸਵਾਲ ਖੜੇ ਕਰਦਾ ਹੈ, ਵਿਰਸਾ ਸਿੰਘ ਵਲਟੋਹਾ ਸਿੱਖ ਕਹਾਉਣ ਦੇ ਯੋਗ ਵੀ ਨਹੀਂ ਹੈ । ਬਹੁਜਨ ਸਮਾਜ ਪਾਰਟੀ ਪੰਜਾਬ ,ਮਾਨਯੋਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਹਮਦਰਦੀ ਪ੍ਰਗਟ ਕਰਦੀ ਹੈ ਅਤੇ ਸਿੱਖ ਧਰਮ ਵਿੱਚ ਇਸ ਸਮੇਂ ਜੋ ਵਰਤਾਰੇ ਚੱਲ ਰਹੇ ਹਨ ,ਇਸ ਵਿੱਚ ਸਤਿਕਾਰਯੋਗ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਬੇਹੱਦ ਸੁਧਾਰ ਕਰਨ ਦੀ ਲੋੜ ਹੈ।
ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨਾਲ਼ ਸਤਿਗੁਰ ਸਿੰਘ ਕੌਹਰੀਆਂ, ਸੂਬੇਦਾਰ ਰਣਧੀਰ ਸਿੰਘ ਨਾਗਰਾ, ਨਿਰਮਲ ਸਿੰਘ, ਜਥੇਦਾਰ ਦਰਸ਼ਨ ਸਿੰਘ, ਗੁਰਮੇਲ ਸਿੰਘ ਰੰਗੀਲਾ, ਗੁਰਦੇਵ ਸਿੰਘ ਘਾਬਦਾਂ, ਆਦਿ ਆਗੂ ਮੌਜੂਦ ਸਨ ।