ਸ੍ਰੀ ਦਰਬਾਰ ਸਾਹਿਬ ਦੀ AI-ਜਨਰੇਟਿਡ ਇਤਰਾਜ਼ਯੋਗ ਵੀਡੀਓ ਮਾਮਲੇ ‘ਚ FIR ਦਰਜ

  • ਮੁੰਬਈ ਪੁਲਿਸ ਨੇ ਦਿੱਤਾ ਸਖ਼ਤ ਕਾਰਵਾਈ ਦਾ ਭਰੋਸਾ
  • ਏ ਆਈ ਜਨਰੇਟਿਡ ਗੁਮਰਾਹਕੁਨ ਸਮਗਰੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਰੌਂਦਣ ਦੀ ਨਿੰਦਣਯੋਗ ਸਾਜ਼ਿਸ਼ : ਜਸਪਾਲ ਸਿੰਘ ਸਿੱਧੂ
  • ਮਹਾਰਾਸ਼ਟਰ ਸਿੱਖ ਸਮਾਜ ਦੇ ਆਗੂ ਜਸਪਾਲ ਸਿੰਘ ਸਿੱਧੂ ਅਤੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਚਰਨਦੀਪ ਸਿੰਘ ਹੈਪੀ ਨੂੰ ਸਾਈਬਰ ਵਿਭਾਗ ਦੇ ਆਈ ਜੀ ਯਸ਼ਵੀ ਯਾਦਵ ਨੇ ਦਿੱਤੀ ਜਾਣਕਾਰੀ।

ਮੁੰਬਈ/ ਮਹਿਤਾ ਚੌਕ (ਅੰਮ੍ਰਿਤਸਰ), 23 ਅਗਸਤ 2025 – ਸਿੱਖ ਕੌਮ ਦੇ ਅਧਿਆਤਮਿਕ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨਾਲ ਖਿਲਵਾੜ ਕਰਦੇ ਹੋਏ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦਾ ਦੁਰਉਪਯੋਗ ਕਰਕੇ ਉਸ ਨੂੰ ਢਹਿ ਢੇਰੀ ਅਤੇ ਪਾਣੀ ਵਿੱਚ ਵਹਿੰਦਾ ਦਿਖਾਉਣ ਵਾਲੀ ਮਨਘੜਤ ਵੀਡੀਓ ਨੇ ਸਿੱਖ ਸੰਗਤ ਦੇ ਦਿਲਾਂ ਨੂੰ ਗੰਭੀਰ ਤੌਰ ’ਤੇ ਆਹਤ ਕੀਤਾ ਹੈ। ਇਸ ਗੰਭੀਰ ਅਤੇ ਅਪਮਾਨਜਨਕ ਕਰਤੂਤ ਖ਼ਿਲਾਫ਼ ਮੁੰਬਈ ਪੁਲੀਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਭਾਰਤੀ ਦੰਡ ਸੰਹਿਤਾ ਦੀ ਧਾਰਾ 299 ਆਰ/ਡਬਲਯੂ ਅਤੇ ਆਈ.ਟੀ. ਐਕਟ 67 ਹੇਠ ਐਫ.ਆਈ.ਆਰ. ਨੰਬਰ 30/25 ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਹਾਰਾਸ਼ਟਰ ਸਾਈਬਰ ਵਿਭਾਗ ਦੇ ਵਿਸ਼ੇਸ਼ ਆਈ.ਜੀ. ਯਸ਼ਵੀ ਯਾਦਵ ਨੇ ਮਹਾਰਾਸ਼ਟਰ ਸਿੱਖ ਸਮਾਜ ਦੇ ਪ੍ਰਮੁੱਖ ਭਾਈ ਜਸਪਾਲ ਸਿੰਘ ਸਿੱਧੂ ਅਤੇ ਰਾਜ ਘਟ ਗਿਣਤੀ ਕਮਿਸ਼ਨ ਦੇ ਮੈਂਬਰ ਚਰਨਦੀਪ ਸਿੰਘ ਹੈਪੀ ਨੂੰ ਮੁਲਾਕਾਤ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਸਥਾਨਕ ਨਿਵਾਸੀ ਗੁਰਸੇਵ ਸਿੰਘ ਦੀ ਸ਼ਿਕਾਇਤ ’ਤੇ ਮਾਡਲ ਸਾਈਬਰ ਥਾਣਾ, ਮੁੰਬਈ ਵਿੱਚ ਦਰਜ ਕੀਤਾ ਗਿਆ ਹੈ। ਸਿੱਖ ਨੇਤਾਵਾਂ ਨੂੰ ਪੂਰਾ ਭਰੋਸਾ ਦਿਵਾਇਆ ਗਿਆ ਕਿ ਜਾਂਚ ਨਿਰਪੱਖ ਢੰਗ ਨਾਲ ਕੀਤੀ ਜਾਵੇਗੀ ਅਤੇ ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਅਪਮਾਨ ਕਰਨ ਦੀ ਘ੍ਰਿਣਿਤ ਹਰਕਤ ਕੀਤੀ ਹੈ, ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਇਸ ਮੌਕੇ ਮਹਾਰਾਸ਼ਟਰ ਸਿੱਖ ਸਮਾਜ ਕੋਆਰਡੀਨੇਸ਼ਨ ਕਮੇਟੀ ਦੇ ਮੁਖੀ ਭਾਈ ਜਸਪਾਲ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ’ਤੇ ਫੈਲ ਰਹੀ ਏ.ਆਈ. ਜਨਰੇਟ ਕੀਤੀ ਗੁਮਰਾਹਕੁਨ ਡਿਜ਼ੀਟਲ ਸਮੱਗਰੀ ਦੀ ਵਧ ਰਹੀ ਗਿਣਤੀ ’ਤੇ ਗਹਿਰੀ ਚਿੰਤਾ ਅਤੇ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਇਸ ਘ੍ਰਿਣਿਤ ਵੀਡੀਓ ਨੂੰ ਵੇਖ ਕੇ ਉਹ ਮਾਨਸਿਕ ਤੌਰ ’ਤੇ ਬਹੁਤ ਆਹਤ ਹੋਏ ਹਨ। ਇਹ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਰੌਂਦਣ ਵਾਲੀ, ਸਿੱਖ ਧਰਮ ਦਾ ਅਪਮਾਨ ਅਤੇ ਨਫ਼ਰਤ ਫੈਲਾਉਣ ਦੀ ਨਿੰਦਣਯੋਗ ਸਾਜ਼ਿਸ਼ ਹੈ।

ਭਾਈ ਸਿੱਧੂ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਿਰਫ਼ ਇੱਕ ਇਮਾਰਤ ਨਹੀਂ, ਬਲਕਿ ਸਿੱਖੀ ਦਾ ਅਧਿਆਤਮਿਕ ਕੇਂਦਰ ਅਤੇ ਦਿਲ ਹੈ। ਇਸ ਨੂੰ ਕਲਪਿਤ ਤਬਾਹੀ ਵਿੱਚ ਦਿਖਾਉਣਾ ਧਾਰਮਿਕ ਹਿੰਸਾ ਤੋਂ ਘੱਟ ਨਹੀਂ। ਇਸ ਤੋਂ ਇਲਾਵਾ, ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬਾਲੀਵੁੱਡ ਹਸਤੀਆਂ ਦੇ ਲੰਗਰ ਛਕਣ ਵਾਲੀਆਂ ਏ.ਆਈ. ਜਨਰੇਟ ਕੀਤੀਆਂ ਪੂਰੀ ਤਰ੍ਹਾਂ ਮਨਘੜਤ ਵੀਡੀਓਜ਼, ਜਿਨ੍ਹਾਂ ਨੂੰ “ਰਚਨਾਤਮਿਕ ਸਮੱਗਰੀ” ਦੀ ਆੜ ਹੇਠ ਸਾਂਝਾ ਕੀਤਾ ਜਾ ਰਿਹਾ ਹੈ, ਸੇਵਾ, ਲੰਗਰ ਦੀ ਪਵਿੱਤਰਤਾ ਅਤੇ ਸਾਡੀਆਂ ਪਰੰਪਰਾਵਾਂ ਦਾ ਸਿੱਧਾ ਮਜ਼ਾਕ ਅਤੇ ਅਪਮਾਨ ਹੈ। ਇਹ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਅਤੇ ਕਈ ਮਾਮਲਿਆਂ ਵਿੱਚ ਸਾਈਬਰ ਅਪਰਾਧ, ਘ੍ਰਿਣਾ ਫੈਲਾਉਣ ਵਾਲੇ ਭਾਸ਼ਣ ਅਤੇ ਕੌਮੀ ਏਕਤਾ-ਸਦਭਾਵਨਾ ਨਾਲ ਜੁੜੇ ਮੌਜੂਦਾ ਕਾਨੂੰਨਾਂ ਹੇਠ ਦੰਡਯੋਗ ਹੈ।

ਜਸਪਾਲ ਸਿੰਘ ਸਿੱਧੂ ਨੇ ਤੁਰੰਤ ਸਮੀਖਿਆ ਅਤੇ ਕਾਰਵਾਈ ਲਈ ਇਹਨਾਂ ਇਤਰਾਜ਼ਯੋਗ ਵੀਡੀਓਜ਼ ਦੇ ਲਿੰਕ ਅਤੇ ਹਵਾਲੇ ਪੇਸ਼ ਕਰਦਿਆਂ ਮਹਾਰਾਸ਼ਟਰ ਸਾਈਬਰ ਵਿਭਾਗ ਨੂੰ ਇਨ੍ਹਾਂ ਵੀਡੀਓਜ਼ ਦੀ ਉਤਪਤੀ ਅਤੇ ਫੈਲਾਅ ਦੀ ਜਾਂਚ ਕਰਨ ਲਈ ਕਿਹਾ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਤੋਂ ਅਜਿਹੀ ਸਮਗਰੀ ਨੂੰ ਤੁਰੰਤ ਹਟਾਉਣ ਲਈ ਕਦਮ ਚੁੱਕਣ, ਕਾਨੂੰਨੀ ਕਾਰਵਾਈ ਕਰਨ, ਧਾਰਮਿਕ ਚਿੰਨ੍ਹਾਂ ਅਤੇ ਸਥਾਨਾਂ ਨਾਲ ਸਬੰਧਿਤ ਏ ਆਈ-ਜਨਰੇਟ ਸਮਗਰੀ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਸੰਬੰਧੀ ਇੱਕ ਜਨਤਕ ਸਲਾਹਕਾਰੀ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਵੀ ਕਿਹਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ ਕਿਸ਼ਤੀ ਐਂਬੂਲੈਂਸ ਸੇਵਾ ਸ਼ੁਰੂ

350 ਸਾਲਾ ਸ਼ਤਾਬਦੀ: ਅਸਾਮ ਤੋਂ ਆਰੰਭ ਹੋਇਆ ਨਗਰ ਕੀਰਤਨ ਮਾਲਦਾ ਤੋਂ ਅਗਲੇ ਪੜਾਅ ਕਲਕੱਤਾ ਲਈ ਰਵਾਨਾ