- ਤੀਜੇ ਦੀ ਹਾਲਤ ਨਾਜ਼ੁਕ
ਜਲੰਧਰ, 10 ਨਵੰਬਰ 2023 – ਨਵੀਂ ਦਾਣਾ ਮੰਡੀ, ਜਲੰਧਰ ਦੇ ਸਤਨਾਮ ਨਗਰ ‘ਚ ਸ਼ੁੱਕਰਵਾਰ ਸਵੇਰੇ ਫਰਿੱਜ ਦੇ ਕੰਪ੍ਰੈਸ਼ਰ ‘ਚੋਂ ਗੈਸ ਲੀਕ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਅੱਗ ‘ਚ ਝੁਲਸਣ ਕਾਰਨ ਪਿਓ-ਪੁੱਤ ਦੀ ਮੌਤ ਹੋ ਗਈ। ਜਦਕਿ ਤੀਜੇ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਥਾਣਾ-2 ਦੀ ਪੁਲਿਸ ਸਮੇਤ ਫੋਰੈਂਸਿਕ ਟੀਮ ਜਾਂਚ ਲਈ ਮੌਕੇ ‘ਤੇ ਪਹੁੰਚ ਗਈ ਹੈ।
ਫਾਇਰ ਬ੍ਰਿਗੇਡ ਅਧਿਕਾਰੀ ਏਡੀਐਫਓ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ 12:15 ਵਜੇ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਉਕਤ ਥਾਂ ’ਤੇ ਅੱਗ ਲੱਗੀ ਹੈ। ਜਿਸ ਤੋਂ ਤੁਰੰਤ ਬਾਅਦ ਉਹ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚ ਗਏ। ਫਾਇਰ ਬ੍ਰਿਗੇਡ ਦਫਤਰ ਤੋਂ ਕਰੀਬ 2 ਗੱਡੀਆਂ ਨੂੰ ਰਵਾਨਾ ਕੀਤਾ ਗਿਆ।
ਆਸ-ਪਾਸ ਦੇ ਲੋਕਾਂ ਅਨੁਸਾਰ ਘਰ ਦੇ ਅੰਦਰ ਜਿੰਮ ਦਾ ਸਾਮਾਨ ਪੈਕ ਕੀਤਾ ਹੋਇਆ ਸੀ। ਜਿਸ ਕਾਰਨ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ। ਮ੍ਰਿਤਕਾਂ ਦੀ ਪਛਾਣ ਪੁੱਤਰ ਜਸ਼ਨ ਸਿੰਘ (17) ਅਤੇ ਪਿਤਾ ਹਰਪਾਲ ਸਿੰਘ (45) ਵਜੋਂ ਹੋਈ ਹੈ। ਜਿਨ੍ਹਾਂ ਦੀਆਂ ਲਾਸ਼ਾਂ ਨੂੰ ਪੁਲਿਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਸਵੰਤ ਸਿੰਘ ਨੇ ਦੱਸਿਆ ਕਿ ਮੌਕੇ ‘ਤੇ ਪਹੁੰਚਦਿਆਂ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਇਮਾਰਤ ਦੇ ਅੰਦਰ ਪਲਾਸਟਿਕ ਦੇ ਡੰਬਲ ਬਣਾਉਣ ਦਾ ਕੰਮ ਚੱਲ ਰਿਹਾ ਸੀ ਜਿੱਥੇ ਅੱਗ ਲੱਗੀ। ਘਟਨਾ ਦੇ ਸਮੇਂ ਕਰੀਬ 3 ਲੋਕ ਅੰਦਰ ਸਨ। ਸਾਰਿਆਂ ਨੂੰ ਤੁਰੰਤ ਇਮਾਰਤ ਤੋਂ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੈਸ ਲੀਕ ਕਿਵੇਂ ਹੋਈ ਅਤੇ ਘਟਨਾ ਪਿੱਛੇ ਕੀ ਕਾਰਨ ਸੀ।