- ਬੱਚਿਆਂ ਸਮੇਤ ਪਰਿਵਾਰਕ ਮੈਂਬਰ ਵਾਲ-ਵਾਲ ਬਚੇ
- ਖੰਨਾ ਦੇ ਨੇੜਲੇ ਪਿੰਡ ਅਲੂਣਾ ਪੱਲਾ ਦੀ ਘਟਨਾ
ਖੰਨਾ, 27 ਅਕਤੂਬਰ 2023 – ਖੰਨਾ ਦੇ ਨੇੜਲੇ ਪਿੰਡ ਅਲੂਣਾ ਪੱਲਾ ‘ਚ ਵਿਆਹ ਵਾਲੇ ਘਰ ਨੂੰ ਅੱਗ ਲੱਗ ਗਈ। ਇਹ ਗਰੀਬ ਪਰਿਵਾਰ ਹੈ। ਘਰ ਵਿਚ ਵਿਆਹ ਸੀ। ਧੀ ਦੇ ਵਿਆਹ ਲਈ ਜੋੜ ਕੇ ਰੱਖੇ ਡੇਢ ਲੱਖ ਰੁਪਏ ਅਤੇ ਦਾਜ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਘਰ ਵਿੱਚ ਮੌਜੂਦ ਬੱਚੇ ਅਤੇ ਪਰਿਵਾਰਕ ਮੈਂਬਰ ਆਪਣੀ ਜਾਨ ਬਚਾਉਣ ਲਈ ਬਾਹਰ ਭੱਜੇ। ਖੰਨਾ ਫਾਇਰ ਸਟੇਸ਼ਨ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।
ਫਾਇਰਮੈਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਫਾਇਰ ਸਟੇਸ਼ਨ ’ਤੇ ਫੋਨ ਆਇਆ ਸੀ ਕਿ ਅਲੂਣਾ ਪੱਲਾ ’ਚ ਇਕ ਘਰ ਨੂੰ ਅੱਗ ਲੱਗੀ ਹੈ ਅਤੇ ਉਹ ਤੁਰੰਤ ਖੰਨਾ ਤੋਂ ਮੌਕੇ ’ਤੇ ਪੁੱਜੇ। ਉੱਥੇ ਹਾਲਾਤ ਅਜਿਹੇ ਸਨ ਕਿ ਪੂਰੇ ਘਰ ਨੂੰ ਅੱਗ ਲੱਗ ਗਈ ਸੀ। ਉਦੋਂ ਹੀ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਨੂੰ ਨੇੜਲੇ ਘਰਾਂ ਤੱਕ ਫੈਲਣ ਤੋਂ ਰੋਕਿਆ ਗਿਆ। ਜਦੋਂ ਤੱਕ ਅੱਗ ‘ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਘਰ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ।
ਫਾਇਰਮੈਨ ਨੇ ਦੱਸਿਆ ਕਿ ਇਹ ਸਤਨਾਮ ਸਿੰਘ ਦਾ ਘਰ ਹੈ। ਸਤਨਾਮ ਦੀ ਬੇਟੀ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਵਿਆਹ ਦੇ ਖਰਚੇ ਲਈ ਪੈਸੇ ਜੋੜ ਕੇ ਰੱਖੇ ਸੀ ਅਤੇ ਦਾਜ ਦਾ ਸਮਾਨ ਰੱਖਿਆ ਗਿਆ ਸੀ। ਇਹ ਸਭ ਕੁੱਝ ਅੱਗ ਨੇ ਸਾੜ ਦਿੱਤਾ।
ਸਤਨਾਮ ਸਿੰਘ ਮਜ਼ਦੂਰੀ ਕਰਦਾ ਹੈ। ਉਸਨੇ ਆਪਣੀ ਧੀ ਦੇ ਵਿਆਹ ਲਈ ਇੱਕ-ਇੱਕ ਚੀਜ਼ ਖਰੀਦ ਕੇ ਜੋੜ ਕੇ ਰੱਖੀ ਹੋਈ ਸੀ। ਸਮਾਨ ਇੱਕ ਕਮਰੇ ਵਿੱਚ ਰੱਖਿਆ ਹੋਇਆ ਸੀ। ਇਸ ਕਮਰੇ ਵਿੱਚ ਬਿਜਲੀ ਦੀਆਂ ਤਾਰਾਂ ਬਾਹਰ ਸਨ। ਤਾਰਾਂ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਫੈਲ ਗਈ। ਅੱਗ ਨਾਲ ਸਾਰਾ ਸਾਮਾਨ ਸੜ ਗਿਆ।