ਲੁਧਿਆਣਾ, 9 ਜੁਲਾਈ 2022 – ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਵੀਜ਼ਨ ਦੇ ਲੁਧਿਆਣਾ ਸਟੇਸ਼ਨ ‘ਤੇ ਅੱਜ ਸਵੇਰੇ ਪਲੇਟਫਾਰਮ ਨੰਬਰ 4 ‘ਤੇ ਖੜ੍ਹੀ ਇੱਕ ਯਾਤਰੀ ਰੇਲ ਗੱਡੀ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਟਰੇਨ ਨੇ ਹਿਸਾਰ ਜਾਣਾ ਸੀ।
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੱਸ ਦੇਈਏ ਕਿ ਅੱਜ ਏਡੀਜੀਪੀ ਗੁਰਪ੍ਰੀਤ ਕੌਰ ਨੇ ਲੁਧਿਆਣਾ ਸਟੇਸ਼ਨ ‘ਤੇ ਚੈਕਿੰਗ ਕਰਨੀ ਹੈ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਸਟੇਸ਼ਨ ‘ਤੇ ਪੁਲਿਸ ਅਧਿਕਾਰੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਸਨ ਕੇ ਉਸੇ ਹੀ ਵੇਲੇ ਅੱਗ ਲੱਗਣ ਕਾਰਨ ਸਟੇਸ਼ਨ ‘ਤੇ ਹੰਗਾਮਾ ਹੋ ਗਿਆ।
ਪਲੇਟਫਾਰਮ ਨੰਬਰ 4 ‘ਤੇ ਲੋਕਾਂ ਦੀ ਭੀੜ ਜੁੜਣ ਲੱਗੀ। ਜਦੋਂ ਪੁਲਿਸ ਨੇ ਭੀੜ ਨੂੰ ਜੁੜਦੇ ਦੇਖਿਆ ਤਾਂ ਪਤਾ ਲੱਗਾ ਕਿ ਰੇਲ ਦੇ ਡੱਬੇ ਨੂੰ ਅੱਗ ਲੱਗੀ ਹੋਈ ਸੀ। ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ। ਅੱਗ ਦੀਆਂ ਲਪਟਾਂ ਦੇਖ ਕੇ ਤੁਰੰਤ ਜੀਆਰਪੀ ਅਤੇ ਆਰਪੀਐਫ ਦੇ ਜਵਾਨ ਅੱਗ ਬੁਝਾਉਣ ਲਈ ਪੁੱਜੇ।
ਇਸ ਦੇ ਨਾਲ ਹੀ ਸਟੇਸ਼ਨ ‘ਤੇ ਮੌਜੂਦ ਲੋਕਾਂ ਨੇ ਅੱਗ ‘ਤੇ ਕਾਬੂ ਪਾਉਣ ਲਈ ਪਾਣੀ ਦਾ ਪ੍ਰਬੰਧ ਵੀ ਕੀਤਾ। ਅੱਗ ਬੁਝਾਊ ਯੰਤਰਾਂ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਦੱਸ ਦੇਈਏ ਕਿ ਪੁਲਿਸ ਦੀ ਮੁਸਤੈਦੀ ਨਾਲ ਅੱਗ ‘ਤੇ ਕਾਬੂ ਪਾ ਲਿਆ ਗਿਆ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਜਾਣਕਾਰੀ ਦਿੰਦਿਆਂ ਡੀਐੱਸਪੀ ਬਲਰਾਮ ਰਾਣਾ ਅਤੇ ਇੰਸਪੈਕਟਰ ਜਸਕਰਨ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਸਾਡੇ ਜਵਾਨ ਤਿਆਰ-ਬਰ-ਤਿਆਰ ਹੋ ਗਏ। ਪਾਣੀ ਦੀਆਂ ਪਾਈਪਾਂ ਲਗਾ ਕੇ ਰੇਲ ਗੱਡੀ ਦੇ ਡੱਬਿਆਂ ਵਿੱਚ ਪਾਣੀ ਪਹੁੰਚਾਇਆ ਗਿਆ ਅਤੇ ਅੱਗ ’ਤੇ ਕਾਬੂ ਪਾਇਆ ਗਿਆ। ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅੱਗ ਲੱਗਣ ਦਾ ਕਾਰਨ ਇੱਕ ਯਾਤਰੀ ਵੱਲੋਂ ਬੀੜੀ ਪੀ ਕੇ ਅੰਦਰ ਸੁੱਟਿਆ ਜਾਣਾ ਹੈ। ਜਿਸ ਕਾਰਨ ਅੱਗ ਲੱਗ ਗਈ। ਹੁਣ ਹਾਲਾਤ ਆਮ ਹਨ। ਕੋਈ ਜਾਨੀ ਨੁਕਸਾਨ ਨਹੀਂ ਹੋਇਆ।