- ਗੋਇੰਦਵਾਲ ਸਾਹਿਬ ਲਿਜਾਇਆ ਗਿਆ
ਨਵਾਂਸ਼ਹਿਰ, 29 ਮਈ 2024 – ਨਵਾਂਸ਼ਹਿਰ ਸਬ-ਡਵੀਜ਼ਨ ਬਲਾਚੌਰ ਦੇ ਪਿੰਡ ਮਹਿਮੂਦਪੁਰ ਮੰਡੇਰ ਗੁਰਦੁਆਰਾ ਸਾਹਿਬ ਵਿਖੇ ਬੀਤੀ ਰਾਤ ਸਮੇਂ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਕਾਰਨ ਤਿੰਨ ਪਾਵਨ ਸਰੂਪ ਅੱਗ ਦੀ ਭੇਂਟ ਚੜ੍ਹ ਗਏ। ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਦਰ ਥਾਣਾ ਬਲਾਚੌਰ ਨੇ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨੋਂ ਸਰੂਪਾਂ ਨੂੰ ਕਬਜ਼ੇ ਵਿਚ ਲੈ ਕੇ ਅੱਜ ਗੋਇੰਦਵਾਲ ਸਾਹਿਬ ਲੈ ਗਏ।
ਇਸ ਮੌਕੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਨੂੰ ਬੰਦ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਹਮੇਸ਼ਾ ਦੀ ਤਰ੍ਹਾਂ ਸੁਖ ਆਸਣ ਕਮਰੇ ਵਿੱਚ ਰੱਖਿਆ ਗਿਆ ਅਤੇ ਉਸ ਤੋਂ ਬਾਅਦ ਕੰਧ ਵਾਲਾ ਪੱਖਾ ਚੱਲਦਾ ਰਿਹਾ। ਰਾਤ ਸਮੇਂ ਕੰਧ ਵਾਲਾ ਪੱਖਾ ਖਰਾਬ ਹੋ ਗਿਆ ਅਤੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਹੌਲੀ-ਹੌਲੀ ਸੁਖ ਆਸਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਤੱਕ ਪਹੁੰਚ ਗਈ, ਜਿਸ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅੱਗ ਲੱਗਣ ਕਾਰਨ ਕੁਝ ਨੁਕਸਾਨ ਹੋਇਆ।
ਸਵੇਰੇ ਜਦੋਂ ਪਾਠੀ ਸਿੰਘ ਨੇ ਆ ਕੇ ਗੁਰਦੁਆਰਾ ਸਾਹਿਬ ਦੇ ਅੰਦਰੋਂ ਧੂੰਆਂ ਨਿਕਲਦਾ ਦੇਖਿਆ ਤਾਂ ਹੋਰ ਲੋਕਾਂ ਨੂੰ ਬੁਲਾ ਕੇ ਅੱਗ ’ਤੇ ਕਾਬੂ ਪਾਇਆ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਹੇਠਾਂ ਕਮਰੇ ਵਿੱਚ ਲਿਆਂਦਾ ਗਿਆ। ਗੱਦੇ, ਚਾਦਰਾਂ ਅਤੇ ਹੋਰ ਸਮਾਨ ਬਾਹਰ ਰੱਖਿਆ ਗਿਆ।
ਖੁਸ਼ਕਿਸਮਤੀ ਇਹ ਰਹੀ ਕਿ ਅੱਗ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਥੋੜਾ ਜਿਹਾ ਨੁਕਸਾਨ ਹੋਇਆ, ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਸੜ ਕੇ ਸੁਆਹ ਹੋ ਜਾਣੇ ਸਨ। ਮੌਕੇ ‘ਤੇ ਐਸਜੀਪੀਸੀ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਅਤੇ ਏ.ਜੀ.ਪੀ.ਸੀ ਮੈਂਬਰਾਂ ਅਤੇ ਪੁਲਿਸ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਕਬਜ਼ੇ ‘ਚ ਲੈ ਕੇ ਗੁਰਦੁਆਰਾ ਸਾਹਿਬ ਦੇ ਇਕ ਕਮਰੇ ‘ਚ ਰਖਵਾ ਦਿੱਤਾ, ਜਿਸ ਨੂੰ ਅੱਜ ਅਰਦਾਸ ਉਪਰੰਤ ਪਾਲਕੀ ਸਾਹਿਬ ਰਖਵਾ ਕੇ ਗੋਇੰਦਵਾਲ ਸਾਹਿਬ ਲਈ ਰਾਵਣ ਕੀਤਾ ਗਿਆ।