- 25 ਫਾਇਰ ਬ੍ਰਿਗੇਡ ਗੱਡੀਆਂ ਨੇ 4 ਘੰਟਿਆਂ ‘ਚ ਪਾਇਆ ਕਾਬੂ
ਮੋਹਾਲੀ, 28 ਦਸੰਬਰ 2023 – ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਜ਼ਿਲੇ ਦੇ ਲਾਲੜੂ ਕਸਬੇ ‘ਚ ਦੇਰ ਰਾਤ ਲਗਜ਼ਰੀ ਬੱਸ ਬਾਡੀ ਬਣਾਉਣ ਵਾਲੀ ਕੰਪਨੀ ਦੇ ਪਲਾਂਟ ‘ਚ ਅੱਗ ਲੱਗ ਗਈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਚਾਰ ਘੰਟੇ ਦਾ ਸਮਾਂ ਲੱਗਾ। ਘਟਨਾ ਦਾ ਪਤਾ ਲੱਗਣ ‘ਤੇ ਫਾਇਰ ਬ੍ਰਿਗੇਡ ਦੀਆਂ ਕਈ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਬੜੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਪੁਲਿਸ ਟੀਮ ਵੀ ਮੌਕੇ ‘ਤੇ ਪਹੁੰਚ ਗਈ ਸੀ। ਮੌਕੇ ‘ਤੇ ਕਰੀਬ 25 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਉਣਾ ਪਿਆ।
ਫਾਇਰ ਬ੍ਰਿਗੇਡ ਟੀਮ ਦੇ ਕਰਮਚਾਰੀਆਂ ਨੇ ਦੱਸਿਆ ਕਿ ਜਦੋਂ ਫੈਕਟਰੀ ਅੰਦਰ ਅੱਗ ਲੱਗੀ ਤਾਂ ਉਸ ਸਮੇਂ 30 ਕਰਮਚਾਰੀ ਮੌਜੂਦ ਸਨ। ਜਿਨ੍ਹਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ ਹੈ। ਸਾਰੇ ਕਰਮਚਾਰੀ ਸੁਰੱਖਿਅਤ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫੈਕਟਰੀ ਵਿੱਚ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਇਸ ਦੀ ਪੂਰੀ ਰਿਪੋਰਟ ਅਧਿਕਾਰੀਆਂ ਨੂੰ ਭੇਜੀ ਜਾਵੇਗੀ।
ਲਗਜ਼ਰੀ ਬੱਸਾਂ ਦੀਆਂ ਬਾਡੀ ਬਣਾਉਣ ਦਾ ਕੰਮ ਫੈਕਟਰੀ ਦੇ ਅੰਦਰ ਹੀ ਹੁੰਦਾ ਹੈ। ਬੱਸ ਦਾ ਕਾਫੀ ਸਾਰਾ ਸਾਮਾਨ ਇਥੇ ਪਿਆ ਸੀ। ਪਰ ਜਦੋਂ ਅੱਗ ਬੱਸਾਂ ਦੀ ਬਾਡੀ ‘ਤੇ ਲੱਗਣ ਵਾਲੀ ਫੋਮ ਤੱਕ ਪਹੁੰਚ ਗਈ ਤਾਂ ਇਸ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਬੁਝਾਊ ਵਿਭਾਗ ਲਈ ਸਭ ਤੋਂ ਔਖਾ ਕੰਮ ਫੋਮ ਨਾਲ ਲੱਗੀ ਅੱਗ ਨੂੰ ਬੁਝਾਉਣਾ ਸੀ। ਕਿਉਂਕਿ ਫੋਮ ਕਾਰਨ ਅੱਗ ਲਗਾਤਾਰ ਵਧ ਰਹੀ ਸੀ।