ਮਾਨਸਾ, 5 ਅਗਸਤ 2025 – ਪੰਜਾਬੀ ਸੰਗੀਤ ਦੀ ਦੁਨੀਆ ਦੇ ਚਮਕਦੇ ਸਿਤਾਰੇ ਸਿੱਧੂ ਮੂਸੇਵਾਲਾ ਦੇ ਬੁੱਤ ‘ਤੇ ਹੋਈ ਫਾਇਰਿੰਗ ਮਗਰੋਂ ਮਾਂ ਚਰਨ ਕੌਰ ਨੇ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ, ਸਾਡੇ ਪੁੱਤ ਦੀ ਯਾਦ ‘ਤੇ ਹਮਲਾ, ਸਾਡੀ ਆਤਮਾ ‘ਤੇ ਜਖ਼ਮ ਹੈ। ਬੀਤੇ ਦਿਨੀਂ ਮੇਰੇ ਪੁੱਤ ਦੀ ਯਾਦ ‘ਤੇ ਗੋਲੀਆਂ ਚਲਾਈਆਂ ਗਈਆਂ। ਉਹ ਸਿਰਫ਼ ਪੱਥਰ ਦੀ ਮੂਰਤ ਨਹੀਂ ਸੀ, ਉਹ ਉਸ ਦੇ ਚਾਹੁਣ ਵਾਲਿਆਂ ਵੱਲੋਂ ਉਸਨੂੰ ਦਿੱਤਾ ਸਨਮਾਨ ਸੀ ਅਤੇ ਉਸ ਦੇ ਲਈ ਲੋਕਾਂ ਦੇ ਦਿਲਾਂ ਵਿਚ ਜੋ ਪਿਆਰ ਹੈ ਉਸ ਦਾ ਨਿਸ਼ਾਨ ਸੀ।
ਮੇਰਾ ਪੁੱਤ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣਿਆ ਰਿਹਾ, ਉਸਨੂੰ ਅਕਾਲ ਪੁਰਖ ਕੋਲ ਗਏ ਨੂੰ ਵੀ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਹਮਲਾ ਸਾਡੀ ਰੂਹ ਉੱਤੇ ਚੋਟ ਵਾਂਗ ਲੱਗਾ, ਮੇਰੇ ਪੁੱਤ ਦੀ ਜਾਨ ਦੇ ਦੁਸ਼ਮਣ ਉਸ ਦੇ ਗਏ ਮਗਰੋਂ ਵੀ ਉਸ ਨੂੰ ਨਹੀਂ ਛੱਡ ਰਹੇ ਪਰ ਉਸ ਦੀ ਬਗਾਵਤ ਜ਼ਰੂਰ ਕੀਤੀ ਜਾ ਸਕਦੀ ਏ ਪਰ ਉਸ ਨੂੰ ਮਿਟਾਇਆ ਨਹੀਂ ਜਾ ਸਕਦਾ, ਉਹ ਇੱਕ ਲਹਿਰ ਆ, ਜੋ ਹਮੇਸ਼ਾ ਚੱਲਦੀ ਰਹੇਗੀ। ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ: ਕਿ ਇਕ ਨਾ ਇਕ ਦਿਨ ਹਰ ਇਕ ਨੂੰ ਉਸ ਦੀ ਕੀਤੀ ਦੀ ਸਜ਼ਾ ਜ਼ਰੂਰ ਮਿਲੇਗੀ। ਸਾਡੀ ਚੁੱਪੀ ਸਾਡੀ ਹਾਰ ਨਹੀਂ।

ਦੱਸ ਦੇਈਏ ਕਿ ਹਰਿਆਣਾ ਦੇ ਡਬਵਾਲੀ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ‘ਚ ਬਣਾਏ ਗਏ ਸਮਾਰਕ ਸਥਾਨ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ ਕੀਤੀ ਗਈ ਸੀ। ਇਹ ਘਟਨਾ ਤਕਰੀਬਨ 3 ਦਿਨ ਪਹਿਲਾਂ ਰਾਤ ਦੇ ਸਮੇਂ ਵਾਪਰੀ, ਜਦੋਂ ਹਮਲਾਵਰ ਆਏ ਅਤੇ ਮੂਸੇਵਾਲਾ ਦੀ ਮੂਰਤੀ ‘ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ। ਉਥੇ ਹੀ ਇਸ ਹਮਲੇ ਦੀ ਜ਼ਿੰਮੇਵਾਰੀ ਲੌਰੈਂਸ ਗੈਂਗ ਵੱਲੋਂ ਲਈ ਗਈ ਹੈ। ਗੈਂਗ ਦੇ ਮੈਂਬਰ ਗੋਲਡੀ ਢਿੱਲੋਂ ਅਤੇ ਆਰਜ਼ੂ ਬਿਸ਼ਨੋਈ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਦੱਸਿਆ ਕਿ ਉਨ੍ਹਾਂ ਨੇ ਹੀ ਇਹ ਹਮਲਾ ਕਰਵਾਇਆ ਹੈ। ਪੋਸਟ ‘ਚ ਮੂਰਤੀ ਲਗਵਾਉਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਸਿੱਧੂ ਮੂਸੇਵਾਲਾ ਨੂੰ ਸ਼ਹੀਦ ਦਰਸਾ ਕੇ ਲੋਕਾਂ ਨੂੰ ਭਟਕਾ ਰਹੇ ਹਨ।

