ਅੰਮ੍ਰਿਤਸਰ, 4 ਦਸੰਬਰ 2024 – ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਬੁੱਧਵਾਰ ਨੂੰ ਹਰਿਮੰਦਰ ਸਾਹਿਬ ਦੇ ਬਾਹਰ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ‘ਚ ਉਹ ਬਾਲ-ਬਾਲ ਬਚ ਗਏ। ਸੁਰੱਖਿਆ ਕਰਮੀਆਂ ਨੇ ਮੁਲਜ਼ਮ ਨੂੰ ਮੌਕੇ ‘ਤੇ ਹੀ ਫੜ ਲਿਆ। ਉਸ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ ਹੈ। ਹਮਲੇ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਨੇ ਸੁਖਬੀਰ ਬਾਦਲ ਨੂੰ ਘੇਰ ਕੇ ਸੁਰੱਖਿਆ ‘ਚ ਕਰ ਲਿਆ ।
ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਨਰਾਇਣ ਸਿੰਘ ਚੌੜਾ ਵਾਸੀ ਡੇਰਾਬਾਬਾ ਨਾਨਕ, ਗੁਰਦਾਸਪੁਰ ਵਜੋਂ ਹੋਈ ਹੈ। ਉਹ ਦਲ ਖਾਲਸਾ ਦਾ ਮੈਂਬਰ ਹੈ। ਬਾਦਲ ਸਵੇਰੇ ਹੀ ਅਕਾਲ ਤਖ਼ਤ ਸਾਹਿਬ ਵਿਖੇ ਸਜ਼ਾ ਭੁਗਤਣ ਪਹੁੰਚੇ ਸਨ। ਉਹ ਕਲਾਕ ਟਾਵਰ ਦੇ ਬਾਹਰ ਇੱਕ ਬਰਸ਼ਾ ਫੜੀ ਬੈਠਾ ਸੀ। ਜਿਸ ਵੇਲੇ ਉਸ ‘ਤੇ ਹਮਲਾ ਕੀਤਾ ਗਿਆ।
2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰਾਮ ਰਹੀਮ ਮਾਮਲੇ ਵਿਚ 5 ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਸੀ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਧਾਰਮਿਕ ਬੇਅਦਬੀ ਦੇ ਦੋਸ਼ਾਂ ਵਿਚ ਉਨ੍ਹਾਂ ਅਤੇ ਹੋਰ ਕੈਬਨਿਟ ਮੈਂਬਰਾਂ ਨੂੰ ਸਜ਼ਾ ਸੁਣਾਈ ਗਈ ਸੀ। ਇਸ ਮਾਮਲੇ ਵਿੱਚ, 30 ਅਗਸਤ, 2024 ਨੂੰ, ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਤਨਖਾਈਏ’ (ਧਾਰਮਿਕ ਦੁਰਵਿਹਾਰ ਦਾ ਦੋਸ਼ੀ) ਘੋਸ਼ਿਤ ਕੀਤਾ ਗਿਆ ਸੀ। ਸੁਖਬੀਰ ਬਾਦਲ ਨੇ ਸਾਰਿਆਂ ਹੀ ਮਾਮਲਿਆਂ ‘ਚ ਆਪਣਾ ਗੁਨਾਹ ਕਬੂਲ ਕੀਤਾ ਸੀ।