ਮੋਗਾ, 25 ਜੂਨ 2022 – ਸ਼ਨੀਵਾਰ ਸਵੇਰੇ ਜ਼ਿਲੇ ਦੇ ਪਿੰਡ ਡਾਲਾ ‘ਚ ਫਿਰੌਤੀ ਦੇ ਪੈਸੇ ਨਾ ਦੇਣ ‘ਤੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਵੱਲੋਂ ਆੜ੍ਹਤੀਏ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਆੜ੍ਹਤੀਏ ਨੂੰ ਵਟਸਐਪ ਕਾਲ ਰਾਹੀਂ ਪਹਿਲਾਂ 16 ਅਪ੍ਰੈਲ ਅਤੇ ਬਾਅਦ ‘ਚ 28 ਮਈ ਨੂੰ 15 ਲੱਖ ਰੁਪਏ ਦੀ ਫਿਰੌਤੀ ਦੀ ਧਮਕੀ ਮਿਲੀ ਸੀ। ਧਮਕੀ ਦੇਣ ਵਾਲਿਆਂ ਨੇ ਆਪਣੀ ਪਛਾਣ ਗੈਂਗਸਟਰ ਜੈਪਾਲ ਭੁੱਲਰ ਗੈਂਗ ਦੇ ਮੈਂਬਰ ਵਜੋਂ ਦੱਸੀ ਹੈ। ਇਹ ਵੀ ਕਿਹਾ ਗਿਆ ਕਿ ਜੇਕਰ ਉਸ ਨੇ ਫਿਰੌਤੀ ਨਾ ਦਿੱਤੀ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ।
ਪਹਿਲੀ ਕਾਲ ‘ਤੇ ਆੜ੍ਹਤੀਏ ਸੁਖਬੀਰ ਸਿੰਘ ਨੇ ਧਿਆਨ ਨਹੀਂ ਦਿੱਤਾ, ਦੂਜੀ ਵਾਰ 28 ਮਈ ਨੂੰ ਜਦੋਂ ਦੁਬਾਰਾ ਕਾਲ ਆਈ ਤਾਂ ਆੜ੍ਹਤੀਏ ਸੁਖਬੀਰ ਸਿੰਘ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲੀਸ ਦੀ ਜਾਂਚ ਵਿੱਚ ਜਦੋਂ ਇਹ ਮਾਮਲਾ ਸਹੀ ਨਿਕਲਿਆ ਤਾਂ ਆੜ੍ਹਤੀਏ ਨੂੰ ਸੁਰੱਖਿਆ ਲਈ ਇੱਕ ਗਾਰਡ ਵੀ ਉਪਲਬਧ ਕਰਵਾਇਆ ਗਿਆ। ਪੁਲੀਸ ਨੇ ਇਸ ਮਾਮਲੇ ਵਿੱਚ 30 ਮਈ ਨੂੰ ਅਣਪਛਾਤੇ ਨੰਬਰਾਂ ਤੋਂ ਧਮਕੀਆਂ ਦੇਣ ਦੇ ਸਬੰਧ ਵਿੱਚ ਕੇਸ ਵੀ ਦਰਜ ਕੀਤਾ ਸੀ ਪਰ ਗੈਂਗਸਟਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਸੁਰੱਖਿਆ ਗਾਰਡਾਂ ਦੀ ਪਰਵਾਹ ਕੀਤੇ ਬਿਨਾਂ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਏਜੰਟ ਦੇ ਘਰ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਵੀ ਹੋ ਗਏ।
ਸੂਚਨਾ ਮਿਲਦੇ ਹੀ ਡੀਐਸਪੀ ਧਰਮਕੋਟ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਿੰਡ ਡਾਲਾ ਉਹੀ ਹੈ, ਜਿੱਥੇ ਏ ਗ੍ਰੇਡ ਦੇ ਗੈਂਗਸਟਰ ਅਰਸ਼ਦੀਪ ਸਿੰਘ ਨੇ ਗੈਂਗਸਟਰ ਸੁੱਖਾ ਲੰਮਾ ਦਾ ਕਤਲ ਕਰਕੇ ਗੈਂਗ ਦੀ ਵਾਗਡੋਰ ਖੁਦ ਸੰਭਾਲੀ ਸੀ। ਇਸ ਸਮੇਂ ਉਹ ਕੈਨੇਡਾ ਤੋਂ ਆਪਣਾ ਗੈਂਗ ਚਲਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੋਲੀਬਾਰੀ ਅਤੇ ਫਿਰੌਤੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।