ਮਾਨਸਾ, 6 ਜੁਲਾਈ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ AK47 ਦੀ ਪਹਿਲੀ ਗੋਲੀ ਨਾਲ ਮੌਤ ਹੋ ਗਈ ਸੀ। ਫਿਰ ਉਹ ਥਾਰ ਦੀ ਸੀਟ ‘ਤੇ ਡਿੱਗ ਗਿਆ ਸੀ। ਇਸ ਤੋਂ ਬਾਅਦ ਵੀ ਸ਼ਾਰਪ ਸ਼ੂਟਰ ਗੋਲੀਆਂ ਚਲਾਉਂਦੇ ਰਹੇ। ਦਿੱਲੀ ਪੁਲਿਸ ਵੱਲੋਂ ਫੜੇ ਗਏ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਨੇ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਹੈ।
ਜਦੋਂ ਮੂਸੇਵਾਲਾ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਤਾਂ ਉਸ ਦੇ ਸਰੀਰ ‘ਚ 7 ਗੋਲੀਆਂ ਲੱਗੀਆਂ ਮਿਲੀਆਂ ਸਨ। ਇਸ ਤੋਂ ਇਲਾਵਾ ਉਸ ਦੇ ਸਰੀਰ ‘ਤੇ 24 ਗੋਲੀਆਂ ਦੇ ਨਿਸ਼ਾਨ ਵੀ ਮਿਲੇ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਤਿੰਨ ਸ਼ਾਰਪਸ਼ੂਟਰ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਉਰਫ਼ ਕੁਲਦੀਪ ਕਤਲ ਕੇਸ ਵਿੱਚ ਫੜੇ ਗਏ ਹਨ। ਪੰਜਾਬ ਦੇ ਅੰਮ੍ਰਿਤਸਰ ਦੇ ਜਗਰੂਪ ਰੂਪਾ, ਮੋਗਾ ਦੇ ਮਨਪ੍ਰੀਤ ਮਨੂੰ ਕੁੱਸਾ ਅਤੇ ਦੀਪਕ ਮੁੰਡੀ ਦੀ ਭਾਲ ਜਾਰੀ ਹੈ।
ਅੰਕਿਤ ਸੇਰਸਾ ਨੇ ਦੱਸਿਆ ਕਿ ਉਹ ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ ਅਤੇ ਦੀਪਕ ਮੁੰਡੀ ਨਾਲ ਬੋਲੈਰੋ ਵਿੱਚ ਸਵਾਰ ਸਨ। ਕੋਰੋਲਾ ਵਿੱਚ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਕੁੱਸਾ ਸਨ। ਪਹਿਲਾਂ ਕੋਰੋਲਾ ਕਾਰ ਨੇ ਮੂਸੇਵਾਲਾ ਦੇ ਥਾਰ ਨੂੰ ਓਵਰਟੇਕ ਕੀਤਾ। ਥੋੜ੍ਹੀ ਦੇਰ ਵਿੱਚ ਉਹ ਵੀ ਬੋਲੈਰੋ ਲੈ ਕੇ ਪਹੁੰਚ ਗਏ ਸੀ। ਮੂਸੇਵਾਲਾ ਦੀ ਥਾਰ ‘ਤੇ ਪਹਿਲਾਂ ਮਨੂ ਕੁੱਸਾ ਨੇ ਗੋਲੀ ਚਲਾਈ। ਜਿਸ ਕਾਰਨ ਥਾਰ ਦੇ ਟਾਇਰ ਫਟ ਗਏ। ਇਸ ਤੋਂ ਬਾਅਦ ਉਸ ਨੇ ਮੂਸੇਵਾਲਾ ਨੂੰ ਪਹਿਲੀ ਗੋਲੀ ਮਾਰ ਦਿੱਤੀ। ਜਗਰੂਪ ਰੂਪਾ ਕੋਰੋਲਾ ਚਲਾ ਰਿਹਾ ਸੀ, ਇਸ ਲਈ ਉਸ ਨੂੰ ਉਤਰਨ ਵਿਚ ਸਮਾਂ ਲੱਗ ਗਿਆ। ਮਨੂ ਤੋਂ ਬਾਅਦ ਬੋਲੈਰੋ ਸਵਾਰ ਸ਼ਾਰਪਸ਼ੂਟਰਾਂ ਨੇ ਮੂਸੇਵਾਲਾ ਨੂੰ ਗੋਲੀਆਂ ਮਾਰ ਦਿੱਤੀਆਂ।

ਦਿੱਲੀ ਪੁਲਸ ਦੀ ਜਾਂਚ ਮੁਤਾਬਕ ਅੰਕਿਤ ਸੇਰਸਾ ਨੇ ਮੰਨਿਆ ਕਿ ਉਸ ਨੇ ਮੂਸੇਵਾਲਾ ਦੇ ਨਜ਼ਦੀਕ ਜਾ ਕੇ ਗੋਲੀਬਾਰੀ ਕੀਤੀ ਸੀ। ਉਸ ਨੇ ਦੋਨਾਂ ਹੱਥਾਂ ਵਿੱਚ ਪਿਸਤੌਲ ਫੜ ਕੇ ਮੂਸੇਵਾਲਾ ‘ਤੇ ਗੋਲੀ ਚਲਾ ਦਿੱਤੀ ਸੀ। ਗੋਲੀਬਾਰੀ ਕਰਨ ਤੋਂ ਬਾਅਦ ਉਹ ਥਾਰ ਨੇੜੇ ਗਿਆ ਅਤੇ ਮੂਸੇਵਾਲਾ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ। ਜਿਸ ਤੋਂ ਬਾਅਦ ਉਹ ਉਥੋਂ ਭੱਜ ਗਿਆ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਖੁਲਾਸਾ ਕੀਤਾ ਸੀ ਕਿ ਚੋਣਾਂ ਦੌਰਾਨ ਵੀ ਮੂਸੇਵਾਲਾ ਨੂੰ ਮਾਰਨ ਦੀਆਂ ਅੱਠ ਕੋਸ਼ਿਸ਼ਾਂ ਹੋਈਆਂ ਸਨ। ਕਾਤਲਾਂ ਨੇ ਉਸ ਨਾਲ ਹੱਥ ਵੀ ਮਿਲਾਇਆ ਸੀ। ਹਾਲਾਂਕਿ ਮੂਸੇਵਾਲਾ ਕੋਲ ਉਸ ਸਮੇਂ 10 ਦੇ ਕਰੀਬ ਕਮਾਂਡਰ ਸਨ, ਇਸ ਲਈ ਉਸ ਨੇ ਗੋਲੀ ਚਲਾਉਣ ਦੀ ਹਿੰਮਤ ਨਹੀਂ ਕੀਤੀ। ਇਸ ਤੋਂ ਬਾਅਦ ਸਰਕਾਰ ਨੇ ਸੁਰੱਖਿਆ ਘਟਾ ਕੇ ਪ੍ਰਚਾਰ ਕੀਤਾ ਤਾਂ ਅਗਲੇ ਹੀ ਦਿਨ ਉਸ ਦੇ ਪੁੱਤਰ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ।
