ਹੜ੍ਹ ਪੀੜ੍ਹਤਾਂ ਦੀ ਮਦਦ ਲਈ 3.50 ਕਰੋੜ ਰੁਪਏ ਦੀ ਪਹਿਲੀ ਮੁਆਵਜ਼ਾ ਕਿਸ਼ਤ ਜਾਰੀ

  • ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਧੂਰੀ ਤੋਂ ਮੁਆਵਜ਼ਾ ਵੰਡਣ ਦੀ ਕੀਤੀ ਸ਼ੁਰੂਆਤ
  • ਕਿਹਾ, ਜੇਕਰ ਪੰਜਾਬ ਸਰਕਾਰ ਸਮੇਂ ਸਿਰ ਬਚਾਅ ਅਤੇ ਰਾਹਤ ਕਾਰਜ ਨਾ ਸ਼ੁਰੂ ਕਰਦੀ ਤਾਂ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ
  • ਕੇਂਦਰ ਸਰਕਾਰ ਪ੍ਰਧਾਨ ਮੰਤਰੀ ਵੱਲੋਂ ਐਲਾਨੇ 1600 ਕਰੋੜ ਰੁਪਏ ਜਲਦ ਤੋਂ ਜਲਦ ਜਾਰੀ ਕਰੇ – ਹਰਪਾਲ ਸਿੰਘ ਚੀਮਾ

ਧੂਰੀ, 15 ਅਕਤੂਬਰ 2025 – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੜ੍ਹ ਪੀੜ੍ਹਤਾਂ ਨੂੰ ਦੀਵਾਲੀ ਤੋਂ ਪਹਿਲਾਂ (30 ਦਿਨਾਂ ਵਿੱਚ) ਮੁਆਵਜ਼ਾ/ਰਾਹਤ ਰਾਸ਼ੀ ਪ੍ਰਦਾਨ ਕਰਨ ਦਾ ਵਾਅਦਾ ਪੂਰਾ ਕਰਦਿਆਂ ਸੂਬੇ ਲਈ 209 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ। ਜਿਸ ਵਿੱਚੋਂ ਜ਼ਿਲ੍ਹਾ ਸੰਗਰੂਰ ਦੇ ਹੜ੍ਹ ਪੀੜ੍ਹਤਾਂ ਨੂੰ 3.50 ਕਰੋੜ ਰੁਪਏ ਵੰਡੇ ਜਾਣਗੇ। ਅੱਜ ਹਲਕਾ ਧੂਰੀ ਦੇ 8 ਹੜ੍ਹ ਪੀੜ੍ਹਤ ਪਰਿਵਾਰਾਂ ਨੂੰ ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਨੇ ਮਨਜ਼ੂਰੀ ਪੱਤਰ ਵੰਡ ਕੇ ਮੁਆਵਜ਼ਾ ਵੰਡਣ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਭਰ ਦੇ 13 ਕੈਬਨਿਟ ਮੰਤਰੀ ਮਿਸ਼ਨ ਪੁਨਰਵਾਸ ਤਹਿਤ ਰਾਹਤ ਰਾਸ਼ੀ ਵੰਡਣ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ। ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀਂ ਅਜਨਾਲਾ ਵਿੱਚ 631 ਕਿਸਾਨਾਂ ਨੂੰ 5.70 ਕਰੋੜ ਰੁਪਏ ਦੇ ਚੈੱਕ ਵੰਡ ਕੇ ਮਿਸ਼ਨ ਪੁਨਰਵਾਸ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਕਿਹਾ ਕਿ ਦੇਸ਼ ਵਿੱਚ ਪਹਿਲੀ ਵਾਰ ਕਿਸਾਨਾਂ ਨੂੰ ਪ੍ਰਤੀ ਏਕੜ 20,000 ਰੁਪਏ ਮੁਆਵਜ਼ਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਲੋਕਾਂ ਦੇ ਹਰ ਦੁੱਖ-ਸੁੱਖ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ।

ਉਹਨਾਂ ਕਿਹਾ ਕਿ ਭਾਰੀ ਮੀਂਹ ਅਤੇ ਹੜ੍ਹ ਕਾਰਨ ਸੂਬੇ ਭਰ ਵਿੱਚ ਵੱਡੀ ਪੱਧਰ ਉੱਤੇ ਫਸਲਾਂ ਖ਼ਰਾਬ ਹੋ ਗਈਆਂ ਸਨ। ਕਈ ਲੋਕਾਂ ਦੇ ਘਰ ਅਤੇ ਹੋਰ ਇਮਾਰਤਾਂ ਢਹਿ ਗਈਆਂ ਸਨ। ਹਰੇਕ ਪ੍ਰਭਾਵਿਤ ਪਰਿਵਾਰ ਨੂੰ ਹੋਏ ਨੁਕਸਾਨ ਦੀ ਪੜਤਾਲ ਉਪਰੰਤ ਰਾਹਤ ਰਾਸ਼ੀ ਦਿੱਤੀ ਜਾਵੇਗੀ। ਇਹ ਵੀ ਪਹਿਲੀ ਵਾਰ ਹੈ ਕਿ ਨੁਕਸਾਨੇ ਗਏ ਹਰੇਕ ਘਰ ਨੂੰ 40 ਹਜ਼ਾਰ ਰੁਪਏ ਮਿਲਣਗੇ ਜਦਕਿ ਪਹਿਲਾਂ ਸਿਰਫ਼ 4 ਹਜ਼ਾਰ ਰੁਪਏ ਮਿਲਦੇ ਸਨ। ਕਿਸਾਨਾਂ ਨੂੰ ਫ਼ਸਲ ਦੇ ਖ਼ਰਾਬੇ ਲਈ ਪ੍ਰਤੀ ਏਕੜ 20 ਹਜ਼ਾਰ ਰੁਪਏ ਮਿਲਣਗੇ।

ਉਹਨਾਂ ਕਿਹਾ ਕਿ ਪੰਜਾਬ ਅਤੇ ਪੰਜਾਬੀ ਲੋਕ ਹਰ ਮੁਸ਼ਕਿਲ ਦੀ ਘੜ੍ਹੀ ਵਿੱਚ ਕੁਦਰਤੀ ਕਰੋਪੀਆਂ ਦੇ ਪੀੜ੍ਹਤਾਂ ਨਾਲ ਖੜਦੇ ਆਏ ਹਨ। ਪਰ ਕੇਂਦਰ ਸਰਕਾਰ ਪੰਜਾਬ ਅਤੇ ਪੰਜਾਬੀਆਂ ਨਾਲ ਹਰ ਖੇਤਰ ਵਿੱਚ ਧੱਕਾ ਕਰਦੀ ਹੈ। ਉਹਨਾਂ ਕੇਂਦਰ ਸਰਕਾਰ ਤੋਂ ਉਹਨਾਂ 1600 ਕਰੋੜ ਰੁਪਏ ਜਾਰੀ ਕਰਨ ਦੀ ਮੰਗ ਕੀਤੀ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਦੌਰਾਨ ਐਲਾਨ ਕਰਕੇ ਗਏ ਸਨ। ਉਹਨਾਂ ਸਪੱਸ਼ਟ ਕੀਤਾ ਕਿ ਕੇਂਦਰ ਵੱਲੋਂ ਜਾਰੀ ਕੀਤੇ ਗਏ 240 ਕਰੋੜ ਰੁਪਏ ਤਾਂ ਸਾਲਾਨਾ ਕਿਸ਼ਤ ਦਾ ਹਿੱਸਾ ਹਨ।

ਚੀਮਾ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੇ ਸਹਿਯੋਗ ਨਾਲ ਪੂਰੀ ਤਾਕਤ ਝੋਕ ਕੇ ਹੜ੍ਹਾਂ ਦਾ ਮੁਕਾਬਲਾ ਕੀਤਾ ਹੈ। ਜੇਕਰ ਸਮੇਂ ਸਿਰ ਬਚਾਅ ਅਤੇ ਰਾਹਤ ਕਾਰਜ ਨਾ ਸ਼ੁਰੂ ਕੀਤੇ ਜਾਂਦੇ ਤਾਂ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ। ਉਹਨਾਂ ਜ਼ਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਦੀ ਪਿੱਠ ਥਾਪੜਦਿਆਂ ਕਿਹਾ ਕਿ ਘੱਗਰ ਵਿੱਚ 747 ਫੁੱਟ ਪਾਣੀ ਹੋਣ ਉਤੇ ਪਾੜ ਪੈ ਜਾਂਦਾ ਸੀ। ਇਸ ਵਾਰ 755 ਫੁੱਟ ਪਾਣੀ ਹੋਣ ਉੱਤੇ ਵੀ ਸਥਿਤੀ ਕਾਬੂ ਵਿੱਚ ਰਹੀ।

ਇਸ ਤੋਂ ਪਹਿਲਾਂ ਸ਼੍ਰੀ ਰਾਹੁਲ ਚਾਬਾ ਡਿਪਟੀ ਕਮਿਸ਼ਨਰ, ਸੰਗਰੂਰ ਨੇ ਜ਼ਿਲ੍ਹਾ ਸੰਗਰੂਰ ਵਿੱਚ ਹੜ੍ਹ ਦਾ ਮੁਕਾਬਲਾ ਕਰਨ ਲਈ ਕੀਤੇ ਗਏ ਯਤਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਪੰਜਾਬ ਸਰਕਾਰ ਦਾ ਇਹ ਮੁਆਵਜ਼ਾ ਰਾਸ਼ੀ ਜਾਰੀ ਕਰਨ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਲੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੰਗਾਮੀ ਸਥਿਤੀ ਦਾ ਮੁਕਾਬਲਾ ਕਰਨ ਲਈ ਅਗਾਊਂ ਪ੍ਰਬੰਧ ਕੀਤੇ ਗਏ ਸਨ। ਭਾਰੀ ਮੀਂਹ ਦੇ ਬਾਵਜੂਦ ਜ਼ਿਲ੍ਹਾ ਸੰਗਰੂਰ ਵਿੱਚੋਂ ਲੰਘਦੇ ਘੱਗਰ ਦਰਿਆ ਦੇ 41 ਕਿਲੋਮੀਟਰ ਖੇਤਰ ਵਿੱਚ ਇੱਕ ਵੀ ਪਾੜ ਨਹੀਂ ਪੈਣ ਦਿੱਤਾ ਗਿਆ।

ਇਸ ਮੌਕੇ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ੍ਰ ਜਸਵੀਰ ਸਿੰਘ ਸੇਖੋਂ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਬੈਂਬੀ, ਐੱਸ ਡੀ ਐੱਮ ਸ਼੍ਰੀ ਰਿਸ਼ਭ ਬਾਂਸਲ, ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁਲੀ, ਅਨਵਰ ਭਸੌੜ, ਸੋਨੀ ਮੰਡੇਰ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦੀਵਾਲੀ ‘ਤੇ ਪਟਾਕੇ ਚਲਾਉਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਲਿਆ ਵੱਡਾ ਫੈਸਲਾ, ਪੜ੍ਹੋ ਵੇਰਵਾ

ਪੰਜਾਬ ਸਰਕਾਰ ਨੇ ਭਲਕੇ ਐਲਾਨੀ ਛੁੱਟੀ