ਸੰਗਰੂਰ, 18 ਮਈ 2022 – ਪੰਜਾਬ ਵਿੱਚ ਹੀਟ ਵੇਵ (ਲੂ ਲੱਗਣ) ਨਾਲ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਦੀ ਹੈ, ਜਿਥੇ ਚੌਥੀ ਜਮਾਤ ਦੇ ਬੱਚੇ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਚਾ ਸਕੂਲ ਤੋਂ ਘਰ ਪਰਤ ਰਿਹਾ ਸੀ ਅਤੇ ਘਰ ਆਉਂਦੇ ਹੀ ਉਸ ਦੀ ਸਿਹਤ ਵਿਗੜ ਗਈ। ਉਸ ਦਾ ਦੋ ਦਿਨ ਇਲਾਜ ਚੱਲਿਆ ਪਰ ਉਸ ਦੀ ਹਾਲਤ ਵਿਚ ਸੁਧਾਰ ਨਹੀਂ ਹੋਇਆ ਅਤੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ।
ਮ੍ਰਿਤਕ ਬੱਚੇ ਦਾ ਨਾਂ ਮਹਿਕਪ੍ਰੀਤ ਸਿੰਘ ਸੀ, ਜੋ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਲੌਂਗੋਵਾਲ ਅਧੀਨ ਪੈਂਦੇ ਪਿੰਡ ਪੱਤੀ ਦੁਲਟ ਜੈਦ ਦਾ ਰਹਿਣ ਵਾਲਾ ਸੀ। ਉਸ ਦੇ ਪਿਤਾ ਗੁਰਤੇਜ ਸਿੰਘ ਨੇ ਦੱਸਿਆ ਕਿ ਮਹਿਕਪ੍ਰੀਤ ਸ਼ਨੀਵਾਰ ਨੂੰ ਸਕੂਲ ਤੋਂ ਘਰ ਪਰਤਿਆ ਸੀ। ਇਸ ਦੌਰਾਨ ਉਹ ਲੂ (ਹੀਟ ਵੇਵ) ਦਾ ਸ਼ਿਕਾਰ ਹੋ ਗਿਆ। ਜਦੋਂ ਉਹ ਘਰ ਆਇਆ ਤਾਂ ਉਸਦੀ ਹਾਲਤ ਬਹੁਤ ਖਰਾਬ ਸੀ। ਜਦੋਂ ਰਾਤ ਤੱਕ ਉਸ ਨੂੰ ਆਰਾਮ ਨਾ ਮਿਲਿਆ ਤਾਂ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਪਰ ਮਹਿਕਪ੍ਰੀਤ ਦੀ ਮੌਤ ਹੋ ਗਈ।
ਹੀਟਸਟ੍ਰੋਕ ਕਿਵੇਂ ਘਾਤਕ ਹੈ ?
ਸਿਹਤ ਮਾਹਿਰਾਂ ਅਨੁਸਾਰ ਹੀਟਸਟ੍ਰੋਕ (ਲੂ ਲੱਗਣਾ) ਜਾਨਲੇਵਾ ਹੈ। ਜੇਕਰ ਗਰਮੀ 40 ਡਿਗਰੀ ਸੈਲਸੀਅਸ ਤੋਂ ਵੱਧ ਜਾਂਦੀ ਹੈ ਅਤੇ ਤੁਸੀਂ ਇਸ ਵਿੱਚ ਲੰਬਾ ਸਮਾਂ ਬਿਤਾਉਂਦੇ ਹੋ, ਤਾਂ ਇਸ ਨਾਲ ਸਨਸਟ੍ਰੋਕ ਜਾਂ ਹੀਟਸਟ੍ਰੋਕ ਹੋ ਸਕਦਾ ਹੈ, ਜਿਸ ਨੂੰ ਲੂ ਲੱਗਣਾ ਕਿਹਾ ਜਾਂਦਾ ਹੈ। ਇਸ ਵਿੱਚ ਸਰੀਰ ਦੇ ਅੰਗਾਂ ਨੂੰ ਨੁਕਸਾਨ ਪਹੁੰਚਦਾ ਹੈ, ਜਿਵੇਂ ਕਿ ਦਿਮਾਗ, ਦਿਲ, ਜਿਗਰ, ਗੁਰਦਾ ਅਤੇ ਮਾਸਪੇਸ਼ੀਆਂ।
ਗੁਰਦੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ, ਕਿਉਂਕਿ ਸਰੀਰ ਵਿੱਚੋਂ ਪਾਣੀ ਬਾਹਰ ਨਿਕਲ ਜਾਂਦਾ ਹੈ। ਇਸ ਸਥਿਤੀ ਵਿੱਚ ਸਰੀਰ ਡੀ-ਹਾਈਡਰੇਟ ਹੋ ਜਾਂਦਾ ਹੈ। ਅਜਿਹੀ ਸਥਿਤੀ ‘ਚ ਪਿਸ਼ਾਬ ਦਾ ਆਉਣਾ ਪੂਰੀ ਤਰ੍ਹਾਂ ਬੰਦ ਹੋ ਜਾਂਦਾ ਹੈ ਅਤੇ ਵਿਅਕਤੀ ਬੇਹੋਸ਼ ਹੋਣ ਲੱਗਦਾ ਹੈ। ਅੰਤ ਵਿੱਚ ਮਹੱਤਵਪੂਰਣ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਇਸ ਨਾਲ ਮੌਤ ਵੀ ਹੋ ਸਕਦੀ ਹੈ।
ਹੀਟ ਸਟ੍ਰੋਕ ਕਾਰਨ ਸਰੀਰ ਬਹੁਤ ਗਰਮ ਅਤੇ ਲਾਲ ਹੋ ਜਾਂਦਾ ਹੈ। ਚਮੜੀ ਬਹੁਤ ਖੁਸ਼ਕ ਹੋ ਜਾਂਦੀ ਹੈ। ਪਸੀਨਾ ਆਉਣਾ ਪੂਰੀ ਤਰ੍ਹਾਂ ਬੰਦ ਹੋ ਜਾਂਦਾ ਹੈ। ਹੱਥਾਂ-ਪੈਰਾਂ ਵਿਚ ਕਠੋਰਤਾ ਸ਼ੁਰੂ ਹੋ ਜਾਂਦੀ ਹੈ। ਚੱਕਰ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਦਿਲ ਦੀ ਧੜਕਣ ਤੇਜ਼ ਹੁੰਦੀ ਹੈ। ਸਾਹ ਤੇਜ਼ ਹੋਣ ਲੱਗਦਾ ਹੈ।