- ਬੱਚੀ ਦੇ ਪੇਟ ਦਰਦ ਹੋਣ ‘ਤੇ ਸੱਚਾਈ ਆਈ ਬਾਹਰ
ਲੁਧਿਆਣਾ, 1 ਸਤੰਬਰ 2022 – ਲੁਧਿਆਣਾ ‘ਚ ਖੂਨ ਦੇ ਰਿਸ਼ਤੇ ਤਾਰ-ਤਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅਸਲ ‘ਚ ਪਹਿਲਾਂ ਦਾਦੇ ਫਿਰ ਚਾਚੇ ਵੱਲੋਂ 9 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਪਹਿਲਾਂ ਨੌਂ ਸਾਲ ਦੀ ਬੱਚੀ ਨਾਲ ਉਸ ਦੇ ਦਾਦੇ ਨੇ ਬਲਾਤਕਾਰ ਕੀਤਾ ਤਾਂ ਚਾਚੇ ਨੇ ਉਸ ਨੂੰ ਇਹ ਸਭ ਕਰਦੇ ਨੂੰ ਦੇਖ ਲਿਆ। ਪਿਤਾ ਨੂੰ ਘਿਨਾਉਣੇ ਕੰਮ ਕਰਨ ਤੋਂ ਰੋਕਣ ਦੀ ਬਜਾਏ ਚਾਚੇ ਨੇ ਵੀ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਕੇ ਬੱਚੀ ਨਾਲ ਬਲਾਤਕਾਰ ਕੀਤਾ।
ਇਸ ਸਾਰੀ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਬੱਚੀ ਦੇ ਪੇਟ ‘ਚ ਦਰਦ ਹੋਣ ਲੱਗਿਆ ਤਾਂ ਮਾਂ ਨੇ ਉਸ ਨੂੰ ਪੁੱਛਿਆ ਤਾਂ ਬੱਚੀ ਨੇ ਸਾਰੀ ਗੱਲ ਦੱਸੀ। ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ। ਪੀੜਤ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਮੁਲਜ਼ਮ ਦਾਦਾ ਮਹਿੰਦਰਪਾਲ ਅਤੇ ਚਾਚੇ ਨਰੇਸ਼ ਕੁਮਾਰ ਉਰਫ਼ ਕਾਲੂ ਖ਼ਿਲਾਫ਼ ਪਰਚਾ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਦੌਰਾਨ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਲੜਕੀ ਦਾ ਪਿਤਾ ਕੱਪੜੇ ਦੀ ਦੁਕਾਨ ‘ਤੇ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਉਸ ਦੀ ਲੜਕੀ ਨੇ ਦੱਸਿਆ ਕਿ ਉਸ ਦੇ ਪੇਟ ‘ਚ ਤੇਜ਼ ਦਰਦ ਹੋ ਰਿਹਾ ਹੈ। ਜਦੋਂ ਲੜਕੀ ਦੀ ਮਾਂ ਨੇ ਉਸ ਨੂੰ ਪਿਆਰ ਨਾਲ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦਾ ਦਾਦਾ ਅਤੇ ਚਾਚਾ ਕਈ ਦਿਨਾਂ ਤੋਂ ਉਸ ਨਾਲ ਗੰਦਾ ਕੰਮ ਕਰ ਰਹੇ ਹਨ। ਇਸ ਕਾਰਨ ਉਨ੍ਹਾਂ ਦੇ ਪੇਟ ‘ਚ ਕਈ ਦਿਨਾਂ ਤੋਂ ਦਰਦ ਹੋ ਰਿਹਾ ਹੈ, ਜੋ ਹੁਣ ਕਾਫੀ ਵਧ ਗਿਆ ਹੈ। ਲੜਕੀ ਨੇ ਦੋਸ਼ ਲਾਇਆ ਕਿ ਦੋਵਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਮਾਮਲੇ ਦੀ ਜਾਂਚ ਕਰ ਰਹੇ ਪ੍ਰੇਮਚੰਦ ਨੇ ਦੱਸਿਆ ਕਿ ਮੁਲਜ਼ਮਾਂ ਨੂੰ 2 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਉਸ ਨੇ ਦੱਸਿਆ ਕਿ ਦੋਸ਼ੀ ਨਰੇਸ਼ ਕੁਮਾਰ ਉਰਫ ਕਾਲੂ ਮਿਠਾਈ ਦਾ ਕੰਮ ਕਰਦਾ ਹੈ ਅਤੇ ਪਿਤਾ ਮਹਿੰਦਰ ਪਾਲ ਟਰਾਂਸਪੋਰਟਰ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਜਦੋਂ ਦੋਸ਼ੀ ਘਰ ‘ਚ ਇਕੱਲੇ ਹੁੰਦੇ ਸੀ ਤਾਂ ਉਹ ਲੜਕੀ ਨੂੰ ਘਰ ਦੀ ਛੱਤ ‘ਤੇ ਬਣੇ ਕਮਰੇ ‘ਚ ਲੈ ਜਾਂਦੇ ਸੀ ਅਤੇ ਉਸ ਨਾਲ ਬਲਾਤਕਾਰ ਕਰਦੇ ਸੀ।