ਸਮਰਾਲਾ, 22 ਅਪ੍ਰੈਲ 2022 – ਸਮਰਾਲਾ ਚ ਇੱਕ ਨੌਜਵਾਨ ਵੱਲੋਂ ਪਹਿਲਾਂ ਆਪਣੀ ਮੰਗੇਤਰ ਨੂੰ ਗੋਲੀ ਮਾਰੀ ਗਈ ਅਤੇ ਬਾਅਦ ਚ ਖੁਦ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਨੋਂ ਮ੍ਰਿਤਕ ਮੂਲ ਰੂਪ ਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸੀ। ਮੰਗੇਤਰ ਨੂੰ ਗੋਲੀ ਮਾਰਨ ਲਈ ਨੌਜਵਾਨ ਉੱਤਰ ਪ੍ਰਦੇਸ਼ ਤੋਂ ਪੰਜਾਬ ਦੇ ਸਮਰਾਲਾ ਦੇ ਪਿੰਡ ਕੋਟਲਾ ਆਇਆ ਸੀ। ਪੁਲਸ ਨੇ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਸੀ।
ਮਿਲੀ ਜਾਣਕਾਰੀ ਅਨੁਸਾਰ ਅੱਜ ਅਚਾਨਕ ਸਨੀ ਕੁਮਾਰ ਭੱਠੇ ਉਪਰ ਕੁਆਰਟਰ ਚ ਆਇਆ ਤਾਂ ਲੜਕੀ ਦਾ ਪਿਤਾ ਕੋਲਡ ਡਰਿੰਕ ਲੈਣ ਚਲਾ ਗਿਆ। ਬਾਅਦ ਚ ਸਨੀ ਨੇ ਲੜਕੀ ਦੀ ਮਾਤਾ ਕੁਸਮ ਨੂੰ ਕਿਹਾ ਕਿ ਉਸਨੇ ਆਪਣੀ ਮੰਗੇਤਰ ਨਾਲ ਕੋਈ ਗੱਲ ਕਰਨੀ ਹੈ। ਲੜਕੀ ਦੀ ਮਾਤਾ ਕੁਆਰਟਰ ਚੋ ਬਾਹਰ ਨਿਕਲ ਆਈ ਤਾਂ ਇਸ ਮਗਰੋਂ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਸਨੀ ਨੇ ਮਨੀਸ਼ਾ ਦੇ ਸਿਰ ਚ ਗੋਲੀ ਮਾਰੀ ਅਤੇ ਇਸ ਮਗਰੋਂ ਭੱਜ ਗਿਆ। ਜਦੋਂ ਭੱਠੇ ਉਪਰ ਰਹਿੰਦੇ ਹੋਰ ਲੋਕ ਉਸਦਾ ਪਿੱਛਾ ਕਰਨ ਲੱਗੇ ਤਾਂ ਸਨੀ ਭੱਜਦਾ ਹੋਇਆ ਫਾਇਰਿੰਗ ਕਰਨ ਲੱਗਿਆ ਅਤੇ ਥੋੜ੍ਹੀ ਦੂਰੀ ਉਪਰ ਜਾ ਕੇ ਖੁਦ ਨੂੰ ਗੋਲੀ ਮਾਰ ਲਈ।
ਲੜਕੀ ਦੇ ਪਿਤਾ ਓਮ ਸਿੰਘ ਅਤੇ ਮਾਤਾ ਕੁਸਮ ਲਤਾ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਲੜਕੀ ਮਨੀਸ਼ਾ ਦੀ ਮੰਗਣੀ ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਰਹਿੰਦੇ ਸਨੀ ਕੁਮਾਰ ਨਾਲ ਕੀਤੀ ਸੀ। ਮੌਕੇ ਤੇ ਪੁੱਜੇ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਲੜਕੀ ਦੇ ਪਿਤਾ ਓਮ ਸਿੰਘ ਦੇ ਬਿਆਨ ਦਰਜ ਕਰ ਲਏ ਹਨ। ਦੋਵੇਂ ਲਾਸ਼ਾਂ ਕਬਜ਼ੇ ਚ ਲੈ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਡੀਐਸਪੀ ਨੇ ਦੱਸਿਆ ਕਿ ਸਨੀ ਵਾਰਦਾਤ ਨੂੰ ਅੰਜਾਮ ਦੇਣ ਲਈ ਦੇਸੀ ਕੱਟਾ ਉੱਤਰ ਪ੍ਰਦੇਸ਼ ਤੋਂ ਲਿਆਇਆ ਸੀ। ਉਸਦੀ ਜੇਬ ਚੋਂ ਦੋ ਜਿੰਦਾ ਕਾਰਤੂਸ ਵੀ ਮਿਲੇ।