ਬਠਿੰਡਾ, 9 ਫਰਵਰੀ2025: ਬਸੰਤ ਪੰਚਮੀ ਵਾਲੇ ਦਿਨ ਬਠਿੰਡਾ ਦੀ ਸੌ ਫੁੱਟੀ ਰੋਡ ‘ਤੇ ਇਕ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਵੱਢ ਟੁੱਕ ਕੇ ਜਖਮੀ ਕਰਨ ਦੇ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ ਪੰਜ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇਸ ਵਾਰਦਾਤ ਲਈ ਵਰਤੇ ਹਥਿਆਰ ਵੀ ਬਰਾਮਦ ਕਰ ਲਏ ਹਨ। ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ ਉਰਫ਼ ਲਵੀ ਵਾਸੀ ਜੰਡਾਂਵਾਲਾ, ਮਨਪ੍ਰੀਤ ਸਿੰਘ ਉਰਫ਼ ਦੰਦੀਵਾਲ ਵਾਸੀ ਕੋਠੇ ਸੰਧੂਆਂ ਵਾਲੇ, ਕਰਨਵੀਰ ਸਿੰਘ ਉਰਫ਼ ਕਰਨ ਢਿੱਲੋਂ ਵਾਸੀ ਜੰਡਾਂਵਾਲਾ (ਮਲੋਟ), ਗੁਰਪੰਥ ਸਿੰਘ ਵਾਸੀ ਕੋਠੇ ਨਾਥੇਆਣਾ ਅਤੇ ਸਿਕੰਦਰ ਸਿੰਘ ਵਾਸੀ ਮਹਿਮਾ ਸਰਜਾ ਵਜੋਂ ਕੀਤੀ ਗਈ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਵਾਰਦਾਤ ਸਮੇਂ ਵਰਤੀਆਂ 2 ਕੁਹਾੜੀਆਂ, 2 ਡਾਗਾਂ ਅਤੇ ਇਕ ਗੱਡੀ ਬਰਾਮਦ ਕੀਤੀ ਹੈ। ਇਹ ਮਾਮਲਾ ਦੋ ਧਿਰਾਂ ਦੀ ਕਿਸੇ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ।
ਬਠਿੰਡਾ ਦੇ ਐੱਸ.ਪੀ. (ਸਿਟੀ) ਨਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 2 ਫਰਵਰੀ ਨੂੰ ਲਵਪ੍ਰੀਤ ਸਿੰਘ ਉਰਫ਼ ਲਵੀ, ਮਨਪ੍ਰੀਤ ਸਿੰਘ ਦੰਦੀਵਾਲ, ਕਰਨ ਢਿੱਲੋਂ ਤੇ ਸਾਬੂ ਵਾਸੀ ਗੋਨਿਆਣਾ ਮੰਡੀ ਵਲੋਂ ਸੋਨਾ ਸਿੰਘ ਵਾਸੀ ਜੰਡਾਂਵਾਲਾ ਦੀ ਸ਼ਹਿ ‘ਤੇ ਆਪਣੇ 7/8 ਸਾਥੀਆਂ ਨਾਲ ਮਿਲ ਕੇ ਸਥਾਨਕ ਸੌ ਫੁੱਟੀ ਰੋਡ ‘ਤੇ ਗੋਨਿਆਣਾ ਮੰਡੀ ਦੇ ਵਸਨੀਕ ਜਸਦੀਪ ਸਿੰਘ ਦੀ ਕੁਹਾੜੀਆਂ ਅਤੇ ਹੋਰ ਖ਼ਤਰਨਾਕ ਹਥਿਆਰਾਂ ਨਾਲ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ ਸੀ, ਜਿਸ ਸਬੰਧੀ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਐਸ. ਪੀ. ਦੱਸਿਆ ਕਿ ਸੀ. ਆਈ. ਏ. ਸਟਾਫ਼- 1ਬਠਿੰਡਾ ਅਤੇ ਥਾਣਾ ਸਿਵਲ ਲਾਈਨ ਦੀਆਂ ਪੁਲਿਸ ਟੀਮਾਂ ਨੇ ਸਾਂਝੇ ਅਪਰੇਸ਼ਨ ਦੌਰਾਨ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਲਵਪ੍ਰੀਤ ਲਵੀ ਦਾ ਜਸਦੀਪ ਸਿੰਘ ਨਾਲ ਪੁਰਾਣਾ ਲੜਾਈ-ਝਗੜਾ ਚੱਲਦਾ ਆ ਰਿਹਾ, ਜਿਸ ਕਾਰਨ ਲਵਪ੍ਰੀਤ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜਸਦੀਪ ਸਿੰਘ ਦੀ ਕੁੱਟਮਾਰ ਕੀਤੀ ਸੀ। ਉਨ੍ਹਾਂ ਕਿਹਾ ਕਿ ਮੁਲਜਮਾਂ ਦਾ ਪੁੱਛਗਿਛ ਅਤੇ ਬਾਕੀ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ।
![](https://thekhabarsaar.com/wp-content/uploads/2022/09/future-maker-3.jpeg)
![](https://thekhabarsaar.com/wp-content/uploads/2020/12/future-maker-3.jpeg)