ਪੰਜ ਦੇਸ਼ਾਂ ਨੇ ਪੰਜਾਬ ਨਾਲ ਵਪਾਰ ਵਧਾਉਣ ਦੀ ਪ੍ਰਗਟਾਈ ਇੱਛਾ

  • ਫਿਜ਼ੀ, ਬੰਗਲਾਦੇਸ਼, ਉਜ਼ਬੇਕਿਸਤਾਨ, ਇੰਡੋਨੇਸ਼ੀਆ ਅਤੇ ਕਿਰਗਿਸਤਾਨ ਦੇ ਰਾਜਦੂਤ ਅਤੇ ਨੁਮਾਇੰਦੇ ਪਾਇਟੈਕਸ ਪਹੁੰਚੇ, ਇਨਵੈਸਟ ਪੰਜਾਬ ਦੇ ਸੀ.ਈ.ਓ. ਨੇ ਕੀਤੀ ਮੀਟਿੰਗ

ਅੰਮ੍ਰਿਤਸਰ, 8 ਦਸੰਬਰ 2023 – ਵਿਸ਼ਵ ਦੇ ਪੰਜ ਦੇਸ਼ਾਂ ਨੇ ਪੰਜਾਬ ਵਿੱਚ ਆਪਣਾ ਕਾਰੋਬਾਰ ਵਧਾਉਣ ਅਤੇ ਪੂੰਜੀ ਨਿਵੇਸ਼ ਕਰਨ ਵਿੱਚ ਦਿਲਚਸਪੀ ਦਿਖਾਈ ਹੈ। ਕੁਝ ਦੇਸ਼ ਪੰਜਾਬ ਨੂੰ ਆਈ. ਟੀ. ਦੇ ਖੇਤਰ ਵਿੱਚ ਆਪਣੇ ਲਈ ਬਿਹਤਰ ਸਮਝ ਰਹੇ ਹਨ ਅਤੇ ਕੁਝ ਤੇਲ ਉਤਪਾਦਨ ਦੇ ਖੇਤਰ ਵਿੱਚ ਦਿਲਚਸਪੀ ਦਿਖਾ ਰਹੇ ਹਨ।

ਪੀ.ਐਚ.ਡੀ.ਸੀ.ਸੀ ਆਈ. ਦੁਆਰਾ ਕਰਵਾਏ ਜਾ ਰਹੇ 17ਵੇਂ ਪਾਈਟੈਕਸ ਦੌਰਾਨ ਫਿਜੀ ਦੇ ਹਾਈ ਕਮਿਸ਼ਨਰ ਨੀਲੇਸ਼ ਰੋਨਿਲ ਕੁਮਾਰ, ਕਿਰਗਿਸਤਾਨ ਦੇ ਰਾਜਦੂਤ ਏਕੈਪ ਅਸਕਰ ਬੇਸ਼ਿਮੋਵ, ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਮੁਹੰਮਦ ਮੁਸਤਫਿਜ਼ੁਰ ਰਹਿਮਾਨ, ਉਜ਼ਬੇਕਿਸਤਾਨ ਦੇ ਵਪਾਰਕ ਆਰਥਿਕ ਸਲਾਹਕਾਰ ਖੁਰਸ਼ੀਦਬੇਕ ਸਮੀਵ, ਇੰਡੋਨੇਸ਼ੀਆ ਦੇ ਵਪਾਰਕ ਅਟੈਚੀ ਬੋਨਾ ਕੁਸੁਮਾ ਅੰਮ੍ਰਿਤਸਰ ਪਹੁੰਚੇ ਸਨ। ਜਿਨ੍ਹਾਂ ਨਾਲ ਪੰਜਾਬ ਇਨਵੈਸਟ ਦੇ ਸੀ.ਈ.ਓ. (ਆਈ.ਏ.ਐਸ.) ਡੀਪੀਐਸ. ਖਰਬੰਦਾ ਨੇ ਇੱਥੇ ਮੀਟਿੰਗ ਕੀਤੀ।

ਪਾਈਟੈਕਸ ਵੀ.ਆਈ.ਪੀ. ਲੌਂਜ ਵਿੱਚ ਹੋਈ ਗੋਲਮੇਜ਼ ਕਾਨਫਰੰਸ ਦੌਰਾਨ ਕਿਰਗਿਸਤਾਨ ਦੇ ਰਾਜਦੂਤ ਏਕੈਪ ਅਸਕਰ ਬੇਸ਼ਿਮੋਵ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਵੱਲੋਂ ਭਾਰਤ ਵਿੱਚ ਕੁੱਲ 100 ਨਵੇਂ ਉਦਯੋਗ ਸਥਾਪਤ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਕਈ ਉਦਯੋਗ ਪੰਜਾਬ ਵਿੱਚ ਵੀ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਨੇ ਡੀ ਪੀ ਐਸ ਖਰਬੰਦਾ ਤੋਂ ਉਦਯੋਗਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਖੇਤੀਬਾੜੀ, ਜੰਗਲਾਤ, ਮੱਛੀ ਪਾਲਣ ਅਤੇ ਖਾਣਾਂ ਦੇ ਖੇਤਰਾਂ ਵਿੱਚ ਵਪਾਰਕ ਮਾਮਲਿਆਂ ਨੂੰ ਅੱਗੇ ਲਿਜਾਇਆ ਜਾਵੇਗਾ।

ਫਿਜੀ ਦੇ ਹਾਈ ਕਮਿਸ਼ਨਰ ਨੀਲੇਸ਼ ਰੋਨਿਲ ਕੁਮਾਰ ਨੇ ਕਿਹਾ ਕਿ ਭਾਰਤ ਅਤੇ ਫਿਜੀ ਦੇ ਬਿਹਤਰ ਸਬੰਧਾਂ ਦਾ ਅਸਰ ਹੁਣ ਪੰਜਾਬ ਵਿੱਚ ਵੀ ਦੇਖਿਆ ਜਾ ਸਕਦਾ ਹੈ। ਉਸ ਨੇ ਉਤਪਾਦਨ ਅਤੇ ਸੈਰ-ਸਪਾਟੇ ਦੇ ਖੇਤਰਾਂ ਵਿੱਚ ਪੰਜਾਬ ਨਾਲ ਵਪਾਰ ਕਰਨ ਵਿੱਚ ਦਿਲਚਸਪੀ ਦਿਖਾਈ। ਉਜ਼ਬੇਕਿਸਤਾਨ ਦੇ ਵਪਾਰਕ ਆਰਥਿਕ ਸਲਾਹਕਾਰ ਖੁਰਸ਼ੀਦਬੇਕ ਸਮੀਯੇਵ ਨੇ ਕੁਦਰਤੀ ਗੈਸ ਅਤੇ ਖਣਿਜ ਉਦਯੋਗਾਂ ਦੇ ਭਵਿੱਖ ਬਾਰੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ।

ਇੰਡੋਨੇਸ਼ੀਆ ਦੇ ਟਰੇਡ ਅਟੈਚੀ ਬੋਨਾ ਕੁਸੁਮਾ ਨੇ ਡੀਪੀਐਸ ਖਰਬੰਦਾ ਨੂੰ ਦੱਸਿਆ ਕਿ ਉਨ੍ਹਾਂ ਦੇ ਦੇਸ਼ ਵਿੱਚ ਕੱਚੇ ਪਾਮ ਆਇਲ, ਇਲੈਕਟ੍ਰੀਕਲ ਉਪਕਰਨ ਅਤੇ ਰਬੜ ਉਤਪਾਦਾਂ ਦੀਆਂ ਕੰਪਨੀਆਂ ਭਾਰਤ ਨੂੰ ਆਪਣਾ ਸਭ ਤੋਂ ਵੱਡਾ ਬਾਜ਼ਾਰ ਮੰਨ ਰਹੀਆਂ ਹਨ। ਪੰਜਾਬ ਵਿੱਚ ਕੱਚੇ ਪਾਮ ਆਇਲ ਦੀ ਜ਼ਿਆਦਾ ਖਪਤ ਹੋਣ ਕਾਰਨ ਉਨ੍ਹਾਂ ਇਸ ਖੇਤਰ ਵਿੱਚ ਉਦਯੋਗ ਸਥਾਪਤ ਕਰਨ ਸਬੰਧੀ ਪੰਜਾਬ ਸਰਕਾਰ ਨਾਲ ਵੱਖ-ਵੱਖ ਰਸਮੀ ਕਾਰਵਾਈਆਂ ਬਾਰੇ ਜਾਣਕਾਰੀ ਹਾਸਲ ਕੀਤੀ।

ਇਨਵੈਸਟ ਪੰਜਾਬ ਦੇ ਸੀਈਓ ਨੇ ਦੱਸਿਆ ਕਿ ਪੰਜਾਬ ਦੇ ਕਈ ਜ਼ਿਲ੍ਹੇ ਸਰ੍ਹੋਂ ਦੇ ਉਤਪਾਦਕ ਹਨ ਅਤੇ ਲੁਧਿਆਣਾ ਵਿੱਚ ਸਰ੍ਹੋਂ ਦੇ ਤੇਲ ਦੀਆਂ ਕੰਪਨੀਆਂ ਸਭ ਤੋਂ ਵੱਧ ਹਨ। ਬੋਨਾ ਕੁਸੁਮਾ ਨੇ ਕਿਹਾ ਕਿ ਸਰ੍ਹੋਂ ਦੇ ਤੇਲ ਅਤੇ ਕੱਚੇ ਪਾਮ ਤੇਲ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਉਦਯੋਗ ਸਥਾਪਿਤ ਕੀਤੇ ਜਾ ਸਕਦੇ ਹਨ। ਇੰਡੋਨੇਸ਼ੀਆ ਦੇ ਵਪਾਰਕ ਨੁਮਾਇੰਦੇ ਨੇ ਇਸ ਸਬੰਧੀ ਪੰਜਾਬ ਸਰਕਾਰ ਨਾਲ ਹੋਰ ਪੱਤਰ ਵਿਹਾਰ ਕਰਨ ਦੀ ਵੀ ਮੰਗ ਕੀਤੀ ਹੈ।

ਇਸ ਮੌਕੇ ਡੀ ਪੀ ਐਸ ਖਰਬੰਦਾ ਨੇ ਦੱਸਿਆ ਕਿ ਪੰਜਾਬ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ 3893 ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ। ਜਿਸ ਦਾ ਪ੍ਰਸਤਾਵਿਤ ਨਿਵੇਸ਼ 59 ਹਜ਼ਾਰ 318 ਕਰੋੜ ਰੁਪਏ ਅਤੇ ਤਿੰਨ ਲੱਖ ਪੰਜ ਹਜ਼ਾਰ ਰੁਜ਼ਗਾਰ ਹੈ। ਉਨ੍ਹਾਂ ਦੱਸਿਆ ਕਿ ਚਾਲੂ ਮਾਲੀ ਸਾਲ ਦੌਰਾਨ 2910 ਕਰੋੜ ਰੁਪਏ ਦੀ ਬਿਜਲੀ ਦਰਾਂ ਦੀ ਸਬਸਿਡੀ ਵੰਡੀ ਗਈ ਹੈ। ਇਸ ਤੋਂ ਇਲਾਵਾ 132 ਯੂਨਿਟਾਂ ਨੂੰ 100 ਕਰੋੜ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਵੀ ਵੰਡੀ ਗਈ ਹੈ। ਸਾਲ 2023-24 ਲਈ ਸਬਸਿਡੀ ਲਈ 3258 ਕਰੋੜ ਰੁਪਏ ਦੇ ਬਜਟ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਮੌਕੇ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਡਿਪਟੀ ਜਨਰਲ ਸਕੱਤਰ ਨਵੀਨ ਸੇਠ ਨੇ ਕਿਹਾ ਕਿ ਚੈਂਬਰ ਨੇ ਪੰਜਾਬ ਸਰਕਾਰ ਅਤੇ ਵਿਦੇਸ਼ੀ ਨੁਮਾਇੰਦਿਆਂ ਨੂੰ ਇੱਕ ਮੰਚ ’ਤੇ ਲਿਆਉਣ ਦਾ ਉਪਰਾਲਾ ਕੀਤਾ ਹੈ ਤਾਂ ਜੋ ਪੰਜਾਬ ਵਿੱਚ ਉਦਯੋਗਿਕ ਪੂੰਜੀ ਨਿਵੇਸ਼ ਵਧਾਇਆ ਜਾ ਸਕੇ। ਪੀਐਚਡੀਸੀਸੀਆਈ ਪੰਜਾਬ ਚੈਪਟਰ ਦੇ ਚੇਅਰਮੈਨ ਆਰ.ਐਸ. ਸਚਦੇਵਾ ਨੇ ਕਿਹਾ ਕਿ ਇਸ ਗੋਲਮੇਜ਼ ਕਾਨਫਰੰਸ ਰਾਹੀਂ ਭਵਿੱਖ ਵਿੱਚ ਕਈ ਦੇਸ਼ਾਂ ਵੱਲੋਂ ਪੰਜਾਬ ਵਿੱਚ ਨਿਵੇਸ਼ ਕਰਨ ਦੀ ਉਮੀਦ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਦੇਸ਼ਾਂ ਨਾਲ ਪੱਤਰ ਵਿਹਾਰ ਜਾਰੀ ਰੱਖਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਈ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਸਬੰਧੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਬਣਾਏ ਗਏ ਵਫ਼ਦ ਮੈਂਬਰਾਂ ਦੀ 9 ਦਸੰਬਰ ਨੂੰ ਹੋਵੇਗੀ ਇਕੱਤਰਤਾ

ਖੇਤੀਬਾੜੀ ਰਹਿੰਦ-ਖੂੰਹਦ ਨੂੰ ਅਸਾਸੇ ਵਿੱਚ ਤਬਦੀਲ ਕਰਨ ਲਈ ਗਰੀਨ ਹਾਈਡ੍ਰੋਜਨ ਨੀਤੀ ਲਾਹੇਵੰਦ ਸਾਬਤ ਹੋਵੇਗੀ: ਅਮਨ ਅਰੋੜਾ