ਕਪੂਰਥਲਾ, 17 ਅਗਸਤ 2025 – ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਘੱਟਣ ਦਾ ਨਾਮ ਨਹੀਂ ਲੈ ਰਿਹਾ। ਲਗਾਤਾਰ ਇੱਕ ਹਫਤੇ ਤੋਂ ਪਾਣੀ ਦਾ ਪੱਧਰ ਯੈਲੋ ਅਲਰਟ ਤੋਂ ਉੱਪਰ ਚੱਲ ਰਿਹਾ ਸੀ। ਹਾਲਾਂਕਿ ਸ਼ੁੱਕਰਵਾਰ ਦੀ ਸ਼ਾਮ ਨੂੰ ਕੁਝ ਘੰਟਿਆਂ ਲਈ ਪਾਣੀ ਦਾ ਪੱਧਰ ਥੋੜ੍ਹਾ ਘਟ ਗਿਆ ਸੀ, ਪਰ 24 ਘੰਟਿਆਂ ਦੇ ਅੰਦਰ ਹੀ ਇਹ ਮੁੜ ਵੱਧ ਕੇ 740.10 ਦੀ ਗੇਜ ਤੇ ਪਹੁੰਚ ਗਿਆ। ਇਸ ਨਾਲ ਬਿਆਸ ਦਰਿਆ ਦੇ ਪਾਣੀ ਦਾ ਪ੍ਰਵਾਹ ਮੁੜ ਤੇਜ਼ ਹੋ ਗਿਆ ਹੈ ਅਤੇ ਖੇਤਰ ਵਿੱਚ ਸਥਿਤੀ ਗੰਭੀਰ ਬਣ ਗਈ ਹੈ।
ਬਿਆਸ ਦਰਿਆ ‘ਚ ਡੈਮਾਂ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਦੇ ਕਾਰਨ ਕਪੂਰਥਲਾ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਕਈ ਪਿੰਡਾਂ ‘ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਕਰੀਬ 25 ਪਿੰਡਾਂ ‘ਚ ਬਿਆਸ ਦਰਿਆ ਦੀ ਮਾਰ ਦੱਸੀ ਜਾ ਰਹੀ ਹੈ ਜਿੱਥੇ ਤੱਕ ਪਾਣੀ ਪਹੁੰਚ ਗਿਆ ਹੈ। ਇਸ ਦੇ ਨਾਲ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਹੜ੍ਹਾਂ ਤੋਂ ਬਚਾ ਲਈ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਰਾਹਤ ਕਾਰਜ ਜਾਰੀ ਹਨ।
ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਬਿਆਸ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਕਪੂਰਥਲਾ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮਿ੍ਰਤਸਰ, ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ’ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਕਪੂਰਥਲਾ ’ਚ 48 ਘੰਟਿਆਂ ਦੇ ਅੰਦਰ ਤੀਜਾ ਕੱਚਾ ਬੰਨ੍ਹ ਟੁੱਟਣ ਨਾਲ ਲਗਪਗ 30 ਤੋਂ ਜ਼ਿਆਦਾ ਪਿੰਡ ਪਾਣੀ ਵਿਚ ਘਿਰ ਗਏ ਹਨ।

ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਨਾਲ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਹਲਕੇ ਦਾ ਮੰਡ ਇਲਾਕਾ ਪਾਣੀ ਵਿਚ ਡੁੱਬ ਚੁੱਕਾ ਹੈ। ਉੱਧਰ, ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਨਾਲ ਫ਼ਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਇਲਾਕੇ ਦੇ ਕਈ ਪਿੰਡ ਹੜ੍ਹ ਦੀ ਲਪੇਟ ਵਿਚ ਆ ਗਏ ਹਨ। ਸੜਕ ਟੁੱਟਣ ਨਾਲ ਪਿੰਡ ਆਤੂਵਾਲਾ ਆਉਣ-ਜਾਣ ਦਾ ਰਸਤਾ ਬੰਦ ਹੋ ਗਿਆ ਹੈ। ਬੱਚੇ ਸਕੂਲ ਨਹੀਂ ਪਹੁੰਚ ਪਾ ਰਹੇ ਤੇ ਲੋਕ ਬੇੜੀਆਂ ਦੇ ਸਹਾਰੇ ਆਵਾਜਾਈ ਕਰ ਰਹੇ ਹਨ।
ਦਰਿਆ ਵਿੱਚ ਪਾਣੀ ਦੀ ਮਾਤਰਾ ਲਗਾਤਾਰ ਵੱਧ ਰਹੀ ਹੈ ਅਤੇ ਖੇਤਰ ਵਿੱਚ ਸੁਰੱਖਿਆ ਦੇ ਲਈ ਚੇਤਾਵਨੀ ਜਾਰੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਬਾਰਿਸ਼ ਅਤੇ ਬੱਦਲਾਂ ਦੇ ਫਟਣ ਕਾਰਨ ਪਾਣੀ ਦੇ ਪੱਧਰ ਵਿੱਚ ਘਟਾਓ ਹੋਣਾ ਮੁਸ਼ਕਿਲ ਦਿਖਾਈ ਦੇ ਰਿਹਾ ਹੈ। ਇਸ ਕਰਕੇ ਲੋਕਾਂ ਨੂੰ ਹੁਣ ਵੀ ਕੋਈ ਰਾਹਤ ਨਹੀਂ ਮਿਲ ਰਹੀ। ਸਥਾਨਕ ਅਧਿਕਾਰੀਆਂ ਅਤੇ ਇਰੀਗੇਸ਼ਨ ਵਿਭਾਗ ਵੱਲੋਂ ਸਾਵਧਾਨ ਰਹਿਣ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਮੌਸਮ ਦੇ ਹਾਲਾਤ ਅਜੇ ਵੀ ਅਸਥਿਰ ਹਨ ਅਤੇ ਪਾਣੀ ਦੇ ਵੱਧਣ ਦਾ ਖਤਰਾ ਬਰਕਰਾਰ ਹੈ।
