ਪੰਜਾਬ ਦੇ 4 ਜ਼ਿਲ੍ਹਿਆਂ ‘ਚ ਹੜ੍ਹ, ਪਿੰਡਾਂ ‘ਚ ਦਾਖਲ ਹੋਇਆ ਪਾਣੀ: CM ਨੇ ਸਾਰੇ ਮੰਤਰੀਆਂ ਨੂੰ ਫੀਲਡ ‘ਚ ਜਾਣ ਦੇ ਜਾਰੀ ਕੀਤੇ ਹੁਕਮ

  • ਭਾਖੜਾ ਦੇ ਫਲੱਡ ਗੇਟ 5 ਦਿਨ ਤੱਕ ਰਹਿਣਗੇ ਖੁੱਲ੍ਹੇ

ਚੰਡੀਗੜ੍ਹ, 16 ਅਗਸਤ 2023 – ਪੰਜਾਬ ਦੇ ਚਾਰ ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਰੋਪੜ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਕਪੂਰਥਲਾ ਦੇ ਕਈ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਸਤਲੁਜ ਦਰਿਆ ‘ਤੇ ਭਾਖੜਾ ਡੈਮ ਅਤੇ ਬਿਆਸ ਦਰਿਆ ‘ਤੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ਤੋਂ ਬਾਅਦ ਇਹ ਸਥਿਤੀ ਪੈਦਾ ਹੋਈ ਹੈ।

ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਤੋਂ ਬਾਅਦ ਭਾਖੜਾ ਡੈਮ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਹੈ। ਜਿਸ ਤੋਂ ਬਾਅਦ ਅਗਲੇ 5 ਦਿਨਾਂ ਲਈ ਡੈਮ ਦੇ ਗੇਟ 8-8 ਫੁੱਟ ਖੋਲ੍ਹ ਦਿੱਤੇ ਗਏ ਹਨ। ਭਾਖੜਾ ਪ੍ਰਬੰਧਕਾਂ ਅਨੁਸਾਰ ਮੰਗਲਵਾਰ ਨੂੰ 35 ਸਾਲਾਂ ਬਾਅਦ ਭਾਖੜਾ ਡੈਮ ਦੇ ਫਲੱਡ ਗੇਟ 10-10 ਫੁੱਟ ਖੋਲ੍ਹਣੇ ਪਏ ਹਨ। ਇਸ ਦੇ ਨਾਲ ਹੀ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ।

ਪੰਜਾਬ ਦੇ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੂੰ ਬਚਾਅ ਅਤੇ ਰਾਹਤ ਕਾਰਜ ਕਰਨ ਲਈ ਕਿਹਾ ਗਿਆ ਹੈ।

ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਬਚਾਅ ਲਈ ਫੌਜ ਤੋਂ ਮਦਦ ਮੰਗੀ ਹੈ। ਇਸ ਦੇ ਲਈ ਰੋਪੜ ਵਿੱਚ ਹੈਲੀਪੈਡ ਵੀ ਬਣਾਇਆ ਗਿਆ ਹੈ। NDRF ਪਹਿਲਾਂ ਹੀ ਬਚਾਅ ਕੰਮ ‘ਚ ਜੁਟੀ ਹੋਈ ਹੈ।

ਹੁਸ਼ਿਆਰਪੁਰ ਦੇ ਕਈ ਪਿੰਡ ਹੜ੍ਹ ਦੀ ਲਪੇਟ ਵਿੱਚ……….
ਹੁਸ਼ਿਆਰਪੁਰ ‘ਚ ਪੌਂਗ ਡੈਮ ਦੇ ਗੇਟ ਖੁੱਲ੍ਹਣ ਕਾਰਨ ਬਿਆਸ ਦਰਿਆ ‘ਚ ਪਾਣੀ ਦਾ ਪੱਧਰ ਵਧ ਗਿਆ ਹੈ। ਡੀਸੀ ਗੁਰਦਾਸਪੁਰ ਕੋਮਲ ਮਿੱਤਲ ਨੇ ਦੱਸਿਆ ਕਿ ਬਿਆਸ ਦਾ ਪਾਣੀ ਓਵਰਫਲੋ ਹੋ ਕੇ ਮੁਕੇਰੀਆਂ ਤੋਂ ਇਲਾਵਾ ਮਹਿਤਾਬਪੁਰ, ਮੋਤਲਾ, ਹਲੇਤ, ਜਨਾਰਦਨ, ਤਲਵਾੜਾ ਆਦਿ ਪਿੰਡਾਂ ‘ਚ ਦਾਖਲ ਹੋ ਗਿਆ ਹੈ। ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਗਈ ਹੈ। ਇੱਥੋਂ ਦੇ ਇਲਾਕਿਆਂ ਦੀ ਆਬਾਦੀ ਬਹੁਤ ਜ਼ਿਆਦਾ ਹੈ। ਅਜਿਹੇ ‘ਚ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ।

ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਗਾਲਾ ਵਿਖੇ ਵੀ ਰਾਹਤ ਕੈਂਪ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਗੁਰਦੁਆਰਿਆਂ ਵਿੱਚ ਰਾਹਤ ਕੈਂਪ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਐਸਡੀਆਰਐਫ ਦੀਆਂ ਟੀਮਾਂ ਨੇ ਇਲਾਕੇ ਵਿੱਚ ਚਾਰਜ ਸੰਭਾਲ ਲਿਆ ਹੈ ਅਤੇ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ।

ਗੁਰਦਾਸਪੁਰ ‘ਚ ਵੀ ਪ੍ਰਸ਼ਾਸਨ ਅਲਰਟ……….
ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਭੈਣੀ ਪਸਵਾਲ ਨੇੜੇ ਧੁੱਸੀ ਬੰਨ੍ਹ ਜਗਤਪੁਰਾ ਟਾਂਡਾ ਦੇ ਇਲਾਕਿਆਂ ਵਿੱਚ ਬਿਆਸ ਦਰਿਆ ਦੇ ਰਾਖ ਬੰਨ੍ਹ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਟੁੱਟ ਗਿਆ ਹੈ, ਜਿਸ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਓਵਰਫਲੋ ਹੋ ਗਿਆ ਹੈ।

ਡੀਸੀ ਡਾ: ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜਗਤਪੁਰਾ ਟਾਂਡਾ, ਭੈਣੀ ਪਸਵਾਲ ਦੇ ਉਪਰਲੇ ਇਲਾਕਿਆਂ ਵਿੱਚ ਬਿਆਸ ਦਰਿਆ ਦਾ ਧੁੱਸੀ ਬੰਨ੍ਹ ਟੁੱਟਣ ਕਾਰਨ ਚੀਚੀਆ ਚੂੜੀਆਂ, ਪੱਖੋਵਾਲ, ਖਹਿਰਾ, ਦਲੇਰਪੁਰ, ਪਡਾਣਾ, ਛੀਨੀਬੇਟ, ਨਡਾਲਾ, ਜਗਤਪੁਰ ਕਲਾਂ, ਕੋਹਲੀ ਅਤੇ ਖਾਰੀਆਂ ਪਿੰਡ ‘ਚ ਪਾਣੀ ਆਉਣ ਦਾ ਖਤਰਾ ਹੋ ਗਿਆ ਹੈ। ਇਹਤਿਆਤ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਮੁਕੇਰੀਆਂ ਪੁਲ ਨੂੰ ਬੰਦ ਕਰਕੇ ਗੁਰਦਾਸਪੁਰ-ਮੁਕੇਰੀਆਂ ਦੀ ਆਵਾਜਾਈ ਨੂੰ ਦੀਨਾਨਗਰ ਹਾਈਵੇਅ ਵੱਲ ਮੋੜ ਦਿੱਤਾ ਹੈ।

ਕਪੂਰਥਲਾ ਦੇ ਭੁਲੱਥ ‘ਚ ਹਾਲਾਤ ……….
ਕਪੂਰਥਲਾ ‘ਚ ਭੁੱਲਥ ‘ਚ ਹਾਲਾਤ ਵਿਗੜਨ ਲੱਗੇ ਹਨ। ਮੰਡ ਤਲਵੰਡੀ ਕੂਕਾ, ਮੰਡ ਸਰਦਾਰ ਸਾਹਿਬ, ਮੰਡ ਰਾਏਪੁਰ ਅਰਾਈਆਂ ਆਦਿ ਪਿੰਡਾਂ ਵਿੱਚ ਦਰਿਆ ਬਿਆਸ ਦੇ ਕੰਢਿਆਂ ਤੋਂ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ।

ਰੋਪੜ ਦੇ ਕੁਝ ਪਿੰਡਾਂ ਵਿੱਚ ਹਾਲਾਤ ਖਰਾਬ……….
ਰੋਪੜ ਦੇ ਕੁਝ ਪਿੰਡਾਂ ਵਿੱਚ ਹਾਲਾਤ ਵਿਗੜ ਗਏ ਹਨ। ਹਰਸਾਬੇਲਾ ਦੀ ਹਾਲਤ ਬਹੁਤ ਖਰਾਬ ਹੈ। ਮੰਤਰੀ ਹਰਜੋਤ ਬੈਂਸ ਬੇਲਾ ਧਿਆਨੀ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚੇ ਅਤੇ ਰਾਹਤ ਕਾਰਜ ਜਾਰੀ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦੀਨਾਨਗਰ ਦੇ 10 ਪਿੰਡਾਂ ‘ਚ ਹੜ੍ਹ ਵਰਗੀ ਸਥਿਤੀ: ਥਾਣੇ ਤੇ ਬਿਜਲੀ ਘਰ ‘ਚ ਭਰਿਆ ਪਾਣੀ

ਡੇਰਾ ਬਿਆਸ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ‘ਮੁੱਖ ਮੰਤਰੀ ਰਾਹਤ ਫੰਡ’ ਵਿੱਚ 2 ਕਰੋੜ ਰੁਪਏ ਦਾ ਯੋਗਦਾਨ ਪਾਇਆ