ਚੰਡੀਗੜ੍ਹ, 17 ਮਈ 2022 – ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵਲੋਂ ਪੱਤਰ ਜਾਰੀ ਕਰਕੇ 10 ਮਈ ਨੂੰ ਲੁਧਿਆਣੇ ਵਿਖੇ ਮੁੱਖ ਮੰਤਰੀ ਪੰਜਾਬ ਦੀ ਸਕੂਲ ਮੁਖੀਆਂ ਨਾਲ ਮੀਟਿੰਗ ਸਬੰਧੀ ਕਰਵਾਏ ਸਮਾਗਮ ਦੀ ਸਮਾਪਤੀ ਉਪਰੰਤ ਖਾਣਾ ਖਾਣ ਸਮੇਂ ਅਨੁਸ਼ਾਸਨਹੀਣਤਾ ਕਰਨ ਵਾਲੇ 7 ਸਕੂਲ ਮੁਖੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰਦਿਆਂ ਇਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ ਗੁਰਦਾਸਪੁਰ ਅਤੇ ਫ਼ਾਜ਼ਿਲਕਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਸਿੱਖਿਆ) ਦਫ਼ਤਰ ਵਿਖੇ 20 ਮਈ ਨੂੰ ਬੁਲਾਇਆ ਗਿਆ ਹੈ।
ਅਸਲ ‘ਚ 10 ਮਈ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਸਕੂਲ ਮੁਖੀਆਂ ਨਾਲ ਮੀਟਿੰਗ ਕੀਤੀ ਗਈ ਸੀ। ਮੀਟਿੰਗ ਤੋਂ ਬਾਅਦ ਸਕੂਲ ਮੁਖੀਆਂ ਦੀ ਖਾਣਾ ਖਾਣ ਵੇਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਲੈ ਕੇ ਕੁੱਝ ਸਕੂਲ ਮੁਖੀਆਂ ਨੂੰ ਵਿਭਾਗ ਵੱਲੋਂ ਦਫਤਰ ‘ਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਵਿਭਾਗ ਦਾ ਕਹਿਣਾ ਹੈ ਕਿ ਉਕਤ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਦਾ ਅਕਸ ਖਰਾਬ ਹੋਇਆ ਹੈ। ਇਸ ਵੀਡੀਓ ‘ਚ ਵੱਖ-ਵੱਖ ਸਕੂਲਾਂ ਦੇ ਮੁਖੀ ਖਾਣਾ ਖਾਣ ਲਈ ਇੱਕ ਦੂਜੇ ਨਾਲ ਧੱਕਾ ਮੁੱਕੀ ਕਰ ਰਹੇ ਸਨ।