ਚੰਡੀਗੜ੍ਹ, 5 ਜਨਵਰੀ 2021 – ਮਾਨਸਾ ਤੋਂ ਵਿਧਾਇਕ ਸ. ਨਾਜਰ ਸਿੰਘ ਮਾਨਸ਼ਾਹੀਆ ਨੇ ਪੰਜਾਬੀਆਂ ਤੇ ਪੰਜਾਬ ਦੇ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੋ ਮੂਹਾਂ ਸੱਪ ਦੱਸਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਦਾ ਮੁੱਖ ਨਿਸ਼ਾਨਾ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹੋਣਾ ਹੈ ਪਰ ਉਸ ਵੇਲੇ ਤੱਕ ਉਹ ਦਿੱਲੀ ਦੀ ਕੁਰਸੀ ਬਚਾਈ ਰੱਖਣ ਲਈ ਵਾਰ-ਵਾਰ ਦੋਗਲੇ ਮਾਪਦੰਡ ਅਖਤਿਆਰ ਕਰਦਾ ਹੈ।
ਮਾਨਸ਼ਾਹੀਆ ਨੇ ਕਿਹਾ ਕਿ ਸਾਨੂੰ 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਇਹ ਸਮਝ ਲੈਣਾ ਚਾਹੀਦਾ ਸੀ ਕਿ ਕੇਜਰੀਵਾਲ ਨੇ ਸੂਬੇ ਦੇ ਮੁੱਖ ਮੰਤਰੀ ਲਈ ਆਪ ਵੱਲੋਂ ਕਿਸੇ ਦੇ ਨਾਂਅ ਦਾ ਐਲਾਨ ਕਿਉਂ ਨਹੀਂ ਕੀਤਾ ਸੀ; ਕਿਉਂ ਉਸ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਅਜਿਹੇ ਇਲਜਾਮਾਂ ਰਾਹੀਂ ਆਪਣੇ ਰਸਤੇ ਵਿੱਚੋਂ ਹਟਾਇਆ ਜੋ ਬਾਅਦ ਵਿੱਚ ਸਰਾਸਰ ਝੂਠੇ ਸਾਬਿਤ ਹੋਏ। ਉਨਾਂ ਕਿਹਾ ਕਿ ਸਾਡੇ ਵੱਲੋਂ ਇਹ ਅਗਾਹ ਕਰਨ ਦੇ ਬਾਵਜੂਦ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਲਈ ਇੱਕ ਹੀਰੋ ਹਨ, ਕਿਉਂ ਕੇਜਰੀਵਾਲ ਉਨਾਂ ਦੀ ਤੁਲਨਾ ਬਾਦਲਾਂ ਨਾਲ ਕਰਨ ‘ਤੇ ਉਤਾਰੂ ਰਿਹਾ?
ਨਾਜਰ ਸਿੰਘ ਨੇ ਕਿਹਾ ਕਿ ਕੇਜਰੀਵਾਲ ਨੂੰ 2017 ਦੀ ਹਾਰ ਤੋਂ ਇਹ ਸਬਕ ਸਿੱਖ ਲੈਣਾ ਚਾਹੀਦਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਉਨਾਂ ਕਿਹਾ, “ਪੰਜਾਬ ਦੇ ਲੋਕਾਂ ਇਹ ਕਦੇ ਬਰਦਾਸ਼ਤ ਨਹੀਂ ਕਰ ਸਕਦੇ ਕਿ ਉਨਾਂ ਤੇ ਕੋਈ ਦਿੱਲੀਓਂ ਆ ਕੇ ਰਾਜ ਕਰੇ। ਉਹ ਵੀ ਅਜਿਹਾ ਵਿਅਕਤੀ ਜਿਸ ਦਾ ਪੰਜਾਬ ਅਤੇ ਕਿਸਾਨ ਵਿਰੋਧੀ ਚਿਹਰਾ ਵਾਰ-ਵਾਰ ਨੰਗਾ ਹੋ ਚੁੱਕਾ ਹੋਵੇ”।
“ਹੁਣ ਹੀ ਦੇਖ ਲਵੋ। ਪੰਜਾਬ ਵਿਧਾਨ ਸਭਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੇਂਦਰ ਦੇ ਕਾਲੇ ਕਾਨੂੰਨਾਂ ਨੂੰ ਠੱਲ ਪਾਉਣ ਲਈ ਸਰਸੰਮਤੀ ਨਾਲ ਲਿਆਂਦੇ ਮਤਿਆਂ ਨੂੰ ਪੰਜਾਬ ਦੇ ਰਾਜਪਾਲ ਕੋਲ ਸੌਂਪਣ ਦੇ ਕੁਝ ਘੰਟਿਆਂ ਬਾਅਦ ਹੀ ਆਪਣੇ ਵਿਧਾਇਕਾਂ ਤੇ ਦਬਾਅ ਬਣਾ ਕੇ ਕੇਜਰੀਵਾਲ ਨੇ ਉਨਾਂ ਤੋਂ ਇੰਨਾਂ ਮਤਿਆਂ ਦੇ ਹੀ ਉਲਟ ਬਿਆਨ ਦਵਾ ਦਿੱਤੇ। ਫਿਰ ਇਸ ਦੀ ਦਿੱਲੀ ਸਰਕਾਰ ਨੇ ਕਿਸਾਨਾਂ ਵਿਰੁੱਧ ਕਾਲੇ ਕਾਨੂੰਨਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ। ਮੋਦੀ ਸਰਕਾਰ ਵਿਰੁੱਧ ਇਕਜੁੱਟਤਾ ਨਾਲ ਮੋਰਚਾ ਖੋਲਣ ਦੀ ਜਗਾ ਕੇਜਰੀਵਾਲ ਨੇ ਕੈਪਟਨ ਸਰਕਾਰ ਨੂੰ ਇਸ ਲਈ ਦੋਸ਼ੀ ਠਹਿਰਾਉਣ ਦੇ ਬਿਆਨ ਦਾਗ ਕੇ ਕਿਸਾਨ ਸੰਘਰਸ਼ ਦੀ ਦਿਸ਼ਾ ਮੋੜਨ ਦੀ ਅਸਫਲ ਕੋਸ਼ਿਸ਼ ਕੀਤੀ”, ਇਹ ਆਖਦਿਆਂ ਸ. ਮਾਨਸ਼ਾਹੀਆ ਨੇ ਇਸ ਵੱਲ ਵੀ ਧਿਆਨ ਦਿਵਾਇਆ ਕਿ ਕਿਵੇਂ ਕੇਜਰੀਵਾਲ ਹਮੇਸ਼ਾਂ ਪੰਜਾਬ ਦੇ ਪਾਣੀਆਂ ਅਤੇ ਪਰਾਲੀ ਸਾੜਨ ਵਰਗੇ ਮਾਮਲਿਆਂ ਤੇ ਦਮੂਹੇ ਸੱਪ ਵਾਂਗ ਦੋਹਰੀ ਪਹੁੰਚ ਅਪਣਾਉਂਦਾ ਰਿਹਾ।
ਨਾਜਰ ਸਿੰਘ ਮਾਨਸ਼ਾਹੀਆ ਨੇ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਕਿ ਉਹ ਇਹ ਦੱਸਣ ਦਾ ਕਸ਼ਟ ਵੀ ਕਰੇ ਕਿ ਉਸ ਵੱਲੋਂ ਕੇਂਦਰ ਦੀ ਜਗਾ ਸੂਬਿਆਂ ਵੱਲੋਂ ਫਸਲਾਂ ਐਮ.ਐਸ.ਪੀ ਤੇ ਖਰੀਦਣ ਅਤੇ ਪਰਾਲੀ ਸਾੜਨ ਲਈ ਵੱਡੇ ਜੁਰਮਾਨਿਆਂ ਵਾਲੇ ਕਾਨੂੰਨਾਂ ਦੀ ਵਕਾਲਤ ਕਰਨ ਪਿੱਛੇ ਕਿਸ ਦਾ ਹੱਥ ਸੀ?
ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਬਾਦਲਾਂ ਦੇ ਵਿਰੁੱਧ ਸਨ ਜਿਸ ਕਾਰਨ ਕੇਜਰੀਵਾਲ ਦੇ ਬਾਦਲ ਸਰਕਾਰ ਵਿਰੁੱਧ ਬਿਆਨਾਂ ਕਾਰਨ ਉਸ ਨੂੰ ਪੰਜਾਬ ਵਿੱਚੋਂ ਸਮਰਥਨ ਮਿਲਿਆ ਪਰ ਜਦੋਂ ਪੰਜਾਬੀਆਂ ਨੂੰ ਉਸ ਦੇ ਏਜੰਡੇ ਬਾਰੇ ਪਤਾ ਲੱਗ ਗਿਆ ਅਤੇ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਵਰਗੀ ਸ਼ਖਸੀਅਤ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਗਿਆ ਤਾਂ ਕੇਜਰੀਵਾਲ ਦੇ ਸੁਪਨਿਆਂ ਤੇ ਪਾਣੀ ਫਿਰ ਗਿਆ। ਉਨਾਂ ਕਿਹਾ ਕਿ ਕੇਜਰੀਵਾਲ ਦੀਆਂ ਤਾਜਾ ਹਰਕਤਾਂ ਨੇ ਪਾਰਟੀ ਦਾ ਪੰਜਾਬ ਵਿੱਚੋਂ ਰਹਿੰਦਾ-ਖੂੰਹਦਾ ਆਧਾਰ ਵੀ ਖਤਮ ਕਰ ਦਿੱਤਾ ਹੈ।