ਚੰਡੀਗੜ੍ਹ, 13 ਦਸੰਬਰ 2023: ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਸੀਨੀਅਰ ਮੀਤ ਪ੍ਰਧਾਨ ਜਸਟਿਸ ਨਿਰਮਲ ਸਿੰਘ (ਸੇਵਾ ਮੁਕਤ) ਨੇ 100 ਸਾਲ ਤੋ ਵੱਧ ਪੁਰਾਣੀ ਸਹੀਦਾਂ ਦੀ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਢਹਿੰਦੀ ਕਲਾ ਵਿਚ ਜਾਂਦੇ ਸਵਰੂਪ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਅਕਾਲੀ ਦਲ ਵਿੱਚ ਕੁਰਬਾਨੀਆਂ ਕਰਨ ਵਾਲੇ ਅਤੇ ਅਕਾਲੀ ਸਿਧਾਂਤਾਂ ਉੱਤੇ ਪਹਿਰਾ ਦੇਣ ਵਾਲੇ ਲੀਡਰਾਂ ਦੀ ਹੀ ਬਹੁਤਾਤ ਹੁੰਦੀ ਸੀ। ਅਕਾਲੀ ਦਲ ਦੇ ਮੋਢੀਆਂ ਨੇ ਹਮੇਸ਼ਾ ਪੰਚ ਪ੍ਰਧਾਨੀ ਦੇ ਸਿਧਾਂਤਾ ਨੂੰ ਕਾਇਮ ਰੱਖਿਆ।
ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਤਕ ਪੰਚ ਪ੍ਰਧਾਨੀ ਦੇ ਸਿਧਾਂਤਾ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੁੰਦੀ ਰਹੀ ਅਤੇ ਕਦੇ ਵੀ ਪਰਿਵਾਰਵਾਦ ਨੂੰ ਪਹਿਲ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਜਿੰਨੀ ਦੇਰ ਤੱਕ ਅਕਾਲੀ ਦਲ ਦੇ ਅੰਦਰ ਵਿਰੋਧੀ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੀ ਖੁੱਲ ਅਤੇ ਸਾਰੀਆਂ ਕਮੇਟੀਆਂ ਆਪਣੇ ਤੌਰ ਤੇ ਫੈਸਲਾਕੁਨ ਰੋਲ ਪਲੇ ਕਰਦੀਆਂ ਸੀ ਤਾਂ ਕਦੇ ਵੀ ਅਕਾਲੀ ਦਲ ਨੂੰ ਨਮੋਸ਼ੀ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ ਕਿਉਂਕਿ ਸਿਧਾਂਤਕ ਤੌਰ ਤੇ ਜਦੋਂ ਫੈਸਲਾ ਲੈਣਾ ਹੁੰਦਾ ਸੀ ਤਾਂ ਇਹਨਾਂ ਕਮੇਟੀਆਂ ਦੇ ਅੰਦਰ ਵਿਚਾਰਿਆ ਜਾਂਦਾ ਸੀ ਚਾਹੇ ਉਹ ਸੰਸਦੀ ਕਮੇਟੀ ਹੋਵੇ ਚਾਹੇ ਵਰਕਿੰਗ ਕਮੇਟੀ ਹੋਵੇ ਤੇ ਚਾਹੇ ਜ਼ਿਲ੍ਹਾ ਜਥੇਦਾਰਾਂ ਦੀਆਂ ਆਪਣੀਆਂ ਸੀਮਾਵਾਂ ਹੋਣ। ਜਦੋਂ ਤੋਂ ਇੱਕ ਪਰਿਵਾਰ ਦੇ ਹੱਥ ਬਾਗਡੋਰ ਆਈ ਹੈ ਉਸ ਸਮੇਂ ਤੋਂ ਨਾ ਹੀ ਵਰਕਿੰਗ ਕਮੇਟੀ ਰਹੀ ਨਾ ਹੀ ਸੰਸਦੀ ਕਮੇਟੀ ਰਹੀ ਤੇ ਨਾ ਹੀ ਜਿਲ੍ਹਾ ਜਥੇਦਾਰਾਂ ਦੀ ਕੋਈ ਵੱਖਰੀ ਹਸਤੀ ਰਹੀ।
ਇੱਕੋ ਪਰਿਵਾਰ ਵੱਖ-ਵੱਖ ਥਾਵਾਂ ਤੇ ਆਪ ਹੀ ਫੈਸਲਾ ਕੁਨ ਅਧਿਕਾਰ ਰੱਖਦਾ ਹੈ| ਜਸਟਿਸ ਨਿਰਮਲ ਸਿੰਘ ਨੇ ਅੱਗੇ ਕਿਹਾ ਕਿ ਸ .ਪ੍ਰਕਾਸ਼ ਸਿੰਘ ਬਾਦਲ ਜਦੋਂ ਅਕਲੀ ਦਲ ਦੇ ਪ੍ਰਧਾਨ ਬਣੇ ਤਾਂ ਉਨ੍ਹਾਂ ਨੇ ਦੋ ਵੱਡੀਆਂ ਤਬਦੀਲੀਆਂ ਕੀਤੀਆਂ ਇਕ ਤਾਂ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਤੇ ਪੰਚ ਪ੍ਰਧਾਨੀ ਦੇ ਸਿਧਾਂਤ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਦਿੱਤੀ ਗਈ।
ਉਨ੍ਹਾਂ ਨੇ ਪੰਚ ਪ੍ਰਧਾਨੀ ਦੇ ਸਿਧਾਂਤਾਂ ਨੂੰ ਛੱਡ ਕੇ ਪਰਿਵਾਰ ਪ੍ਰਧਾਨੀ ਦਾ ਅਸੂਲ ਬਣਾ ਦਿੱਤਾ। ਇਸ ਤੋਂ ਬਾਅਦ ਜਦੋਂ ਸ.ਪ੍ਰਕਾਸ਼ ਸਿੰਘ ਬਾਦਲ ਦਾ ਸਪੁੱਤਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਬਣਿਆ ਇਸ ਨੇ ਪਾਰਟੀ ਨੂੰ ਪ੍ਰਾਈਵੇਟ ਕੰਪਨੀ ਵਾਂਗ ਚਲਾਉਣਾ ਸ਼ੁਰੂ ਕਰ ਦਿੱਤਾ ਹੈ। ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਦੀਆਂ ਆਪਹੁਦਰੀਆਂ,ਧੱਕੇਸ਼ਾਹੀਆਂ ਅਤੇ ਤਾਨਾਸ਼ਾਹੀ ਰਵੱਈਏ ਨੇ ਪਾਰਟੀ ਨੂੰ ਇਸ ਕਦਰ ਨੀਵਾਂ ਲਿਆਂਦਾ ਕਿ ਕਿਸੇ ਸਮੇਂ ਪੰਜਾਬ ਦੀ ਪ੍ਰਮੁੱਖ ਪਾਰਟੀ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਵਿਰੋਧੀ ਧਿਰ ਵਿੱਚ ਬੈਠਣ ਦਾ ਮੌਕਾ ਵੀ ਨਸੀਬ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸੁਰਜੀਤੀ ਵਾਸਤੇ ਪਰਿਵਾਰਵਾਦ ਨੂੰ ਛੱਡਕੇ ਪੰਚ ਪ੍ਰਧਾਨੀ ਨੂੰ ਲਿਉਣਾ ਬੇਹੱਦ ਜਰੂਰੀ ਹੈ।