ਕਸਟਮ ਵਿਭਾਗ ਨੇ ਜ਼ਬਤ ਕਰਕੇ ਕਾਰਵਾਈ ਕੀਤੀ ਸ਼ੁਰੂ
ਅੰਮ੍ਰਿਤਸਰ, 13 ਅਗਸਤ 2024 – ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਤਸਕਰੀ ਵਾਲੀਆਂ ਸਿਗਰਟਾਂ ਫੜੀਆਂ ਹਨ। ਇਹ ਸਿਗਰਟਾਂ ਇਕ ਯਾਤਰੀ ਕੋਲੋਂ ਜ਼ਬਤ ਕੀਤੀਆਂ ਗਈਆਂ ਹਨ। ਜਿਸ ਤੋਂ ਬਾਅਦ ਕਸਟਮ ਵਿਭਾਗ ਨੇ ਕਾਰਵਾਈ ਕਰਦੇ ਹੋਏ ਸਿਗਰਟ ਜ਼ਬਤ ਕਰਕੇ ਫੜੇ ਗਏ ਯਾਤਰੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਕ ਮਹੀਨੇ ਵਿਚ ਇਹ ਦੂਜੀ ਵਾਰ ਹੈ ਜਦੋਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਐਨੀ ਵੱਡੀ ਮਾਤਰਾ ‘ਚ ਸਿਗਰਟ ਫੜੀ ਗਈ ਹੈ।
ਕਸਟਮ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਯਾਤਰੀ ਸ਼ਾਰਜਾਹ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ ਸੀ। ਜਦੋਂ ਉਸ ਦੇ ਸਾਮਾਨ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ 24,800 ਸਿਗਰੇਟ ਬਰਾਮਦ ਹੋਈਆਂ। ਜਦੋਂ ਇਨ੍ਹਾਂ ਦੀ ਬਾਜ਼ਾਰੀ ਕੀਮਤ ਦੀ ਜਾਂਚ ਕੀਤੀ ਗਈ ਤਾਂ ਇਸ ਦੀ ਕੀਮਤ 4.21 ਲੱਖ ਰੁਪਏ ਪਾਈ ਗਈ।
ਅੰਮ੍ਰਿਤਸਰ ਏਅਰਪੋਰਟ ‘ਤੇ ਕਈ ਵਾਰ ਦੁਬਈ ਤੋਂ ਸੋਨੇ ਦੀ ਤਸਕਰੀ ਹੋਣ ਦੀਆਂ ਖਬਰਾਂ ਆ ਚੁੱਕੀਆਂ ਹਨ, ਪਰ ਇਕ ਮਹੀਨੇ ‘ਚ ਸਿਗਰਟ ਦੀ ਤਸਕਰੀ ਦਾ ਇਹ ਦੂਜਾ ਮਾਮਲਾ ਹੈ।
ਪਿਛਲੇ ਇਕ ਮਹੀਨੇ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਸਿਗਰਟ ਦੀ ਤਸਕਰੀ ਵਿਚ ਵਾਧਾ ਹੋਇਆ ਹੈ। 2 ਅਗਸਤ ਨੂੰ, ਕਸਟਮ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਲਗਭਗ 1 ਲੱਖ ਦੇ ਕਰੀਬ ਸਿਗਰੇਟ ਜ਼ਬਤ ਕੀਤੀ ਸੀ। ਜਿਸ ਦੀ ਬਾਜ਼ਾਰੀ ਕੀਮਤ 18 ਲੱਖ ਰੁਪਏ ਦੇ ਕਰੀਬ ਦੱਸੀ ਗਈ ਸੀ।