- ਬ੍ਰੀਫਕੇਸ ‘ਚ ਅੱਡ-ਅੱਡ ਲੇਅਰ ਬਣਾ 3.55 ਕਰੋੜ ਰੁਪਏ ਲਿਜਾਏ ਜਾ ਰਹੇ ਸੀ ਦੁਬਈ
- ਮਾਸਟਰਮਾਈਂਡ ਸਮੇਤ 4 ਗ੍ਰਿਫਤਾਰ
ਅੰਮ੍ਰਿਤਸਰ, 25 ਨਵੰਬਰ 2023 – ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਅੰਮ੍ਰਿਤਸਰ ਅਤੇ ਜੈਪੁਰ ਹਵਾਈ ਅੱਡਿਆਂ ‘ਤੇ ਇੱਕੋ ਸਮੇਂ ਛਾਪੇਮਾਰੀ ਕਰਕੇ ਵਿਦੇਸ਼ੀ ਕਰੰਸੀ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਨੂੰ ਫੜਿਆ ਹੈ। ਇਨ੍ਹਾਂ ਕੋਲੋਂ 3.55 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ ਹੋਈ ਹੈ। ਇਸ ਮਾਮਲੇ ‘ਚ ਮਾਸਟਰ ਮਾਈਂਡ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਡੀਆਰਆਈ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀਆਰਆਈ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਵਿਦੇਸ਼ੀ ਕਰੰਸੀ ਦੁਬਈ ਭੇਜੇ ਜਾਣ ਦੀ ਸੂਚਨਾ ਮਿਲੀ ਸੀ। ਜਾਣਕਾਰੀ ਮਿਲੀ ਸੀ ਕਿ ਇਹ ਪੈਸਾ ਅੰਮ੍ਰਿਤਸਰ ਅਤੇ ਜੈਪੁਰ ਹਵਾਈ ਅੱਡਿਆਂ ਰਾਹੀਂ ਬਾਹਰ ਭੇਜਿਆ ਜਾ ਰਿਹਾ ਸੀ। ਇਸ ‘ਤੇ ਡੀਆਰਆਈ ਨੇ ਤੁਰੰਤ ਹਰਕਤ ‘ਚ ਆ ਕੇ ਜੈਪੁਰ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਤਿੰਨ ਮੁਲਜ਼ਮਾਂ ਨੂੰ ਤਿੰਨ ਬਰੀਫਕੇਸਾਂ ਸਮੇਤ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।
ਜਦੋਂ ਮੁਲਜ਼ਮਾਂ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਮੁਲਜ਼ਮ ਵਿਦੇਸ਼ੀ ਕਰੰਸੀ ਨੂੰ ਬ੍ਰੀਫਕੇਸ ਵਿੱਚ ਇੱਕ ਵੱਖਰੀ ਪਰਤ ਵਿੱਚ ਛੁਪਾ ਕੇ ਦੁਬਈ ਲੈ ਜਾ ਰਹੇ ਸਨ। ਜਦੋਂ ਬ੍ਰੀਫਕੇਸ ਖੋਲ੍ਹਿਆ ਗਿਆ ਤਾਂ ਉਸ ਵਿੱਚ 3.55 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਮਿਲੀ।

ਇਸ ਵਿੱਚ ਅਮਰੀਕੀ ਡਾਲਰ ਅਤੇ ਯੂਰੋ ਸ਼ਾਮਲ ਸਨ। ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਗਰੋਹ ਦੇ ਮਾਸਟਰ ਮਾਈਂਡ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
