- ਸੰਦੀਪ ਕਾਹਲੋਂ ਨੇ 3 ਸ਼ੂਟਰਾਂ ਨੂੰ ਭੇਜਿਆ ਸੀ ਮਾਨਸਾ
- ਪੁਲਿਸ ਨੂੰ ਸੰਦੀਪ ਕਾਹਲੋਂ ਦੇ ਘਰ ਛਾਪਾ ਮਾਰਨ ਮੌਕੇ ਵੀ ਮਿਲੇ ਸੀ ਕਈ ਅਹਿਮ ਸੁਰਾਗ
ਲੁਧਿਆਣਾ, 13 ਜੁਲਾਈ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਦੇ ਭਤੀਜੇ ਸੰਦੀਪ ਕਾਹਲੋਂ ਨੂੰ ਅਦਾਲਤ ਨੇ 7 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਕਾਹਲੋਂ ਖ਼ਿਲਾਫ਼ ਥਾਣਾ ਸਲੇਮ ਟਾਬਰੀ ਵਿੱਚ ਪਹਿਲਾਂ ਹੀ ਦਰਜ ਹੋਏ ਕੇਸ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 302 ਦੇ ਨਾਲ-ਨਾਲ ਅਸਲਾ ਐਕਟ ਵਿੱਚ 115 (ਕਤਲ ਦੀ ਸਾਜ਼ਿਸ਼ ਰਚਨਾ) ਅਤੇ 120ਬੀ (ਅਪਰਾਧਿਕ ਸਾਜ਼ਿਸ਼) ਸ਼ਾਮਲ ਕੀਤਾ ਗਿਆ ਹੈ। ਕਾਹਲੋਂ ਨੂੰ ਪੁਲੀਸ ਨੇ 30 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸੇ ਨੇ 3 ਸ਼ੂਟਰਾਂ ਨੂੰ ਮਾਨਸਾ ਭੇਜਿਆ ਸੀ।
ਦੂਜੇ ਪਾਸੇ ਪੁਲਸ ਨੇ ਐਤਵਾਰ ਨੂੰ ਫਤਿਹਗੜ੍ਹ ਚੂੜੀਆਂ ‘ਚ ਸੰਦੀਪ ਦੇ ਘਰ ਛਾਪਾ ਮਾਰਿਆ। ਇਸ ਦੌਰਾਨ ਪੁਲੀਸ ਨੇ ਦੋ ਵਿਦੇਸ਼ੀ ਪਿਸਤੌਲ ਅਤੇ ਕੁਝ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮ ਕਾਹਲੋਂ ਨੇ ਪੁਲੀਸ ਨੂੰ ਦੱਸਿਆ ਸੀ ਕਿ ਉਸ ਦਾ ਬਚਪਨ ਦਾ ਦੋਸਤ ਰਣਜੀਤ ਉਸ ਨਾਲ ਰਹਿੰਦਾ ਸੀ।
ਰਣਜੀਤ ਜੱਗੂ ਭਗਵਾਨਪੁਰੀਆ ਦੇ ਬਹੁਤ ਕਰੀਬ ਹੈ। ਰਣਜੀਤ ਅਤੇ ਜੱਗੂ ਨੇ ਆਪਣੀ ਹਵੇਲੀ ਵਿੱਚ ਹਥਿਆਰ ਰੱਖੇ ਹੋਏ ਹਨ। ਜਦੋਂ ਉਨ੍ਹਾਂ ਨੂੰ ਲੋੜ ਹੁੰਦੀ ਤਾਂ ਮੁਲਜ਼ਮ ਉਸ ਦੀ ਹਵੇਲੀ ਵਿੱਚੋਂ ਹਥਿਆਰ ਲੈ ਜਾਂਦੇ। ਉਸ ਤੋਂ ਬਾਅਦ ਮੁੜ ਹਥਿਆਰਾਂ ਨੂੰ ਹਵੇਲੀ ਵਿਚ ਰੱਖ ਦਿੰਦੇ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੰਦੀਪ ਵੀ ਰੂਪੋਸ਼ ਹੋ ਗਿਆ ਸੀ ਅਤੇ ਲੁਧਿਆਣਾ ਵਿੱਚ ਕਿਸੇ ਰਿਸ਼ਤੇਦਾਰ ਦੇ ਘਰ ਛੁਪ ਗਿਆ ਸੀ। ਸੰਦੀਪ ਨੇ ਹੀ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਇਸ ਦੇ ਨਾਲ ਹੀ ਮੁਲਜ਼ਮ ਮਨਦੀਪ ਸਿੰਘ, ਤੂਫਾਨ ਅਤੇ ਮਨਪ੍ਰੀਤ ਸਿੰਘ ਨੂੰ ਆਪਣੀ ਕੋਠੀ ਵਿੱਚ ਰੱਖਿਆ ਹੋਇਆ ਸੀ। ਸੰਦੀਪ ਨੇ ਅੰਮ੍ਰਿਤਸਰ ਦੇ ਘੋੜਿਆਂ ਦੇ ਵਪਾਰੀ ਸਤਬੀਰ ਨੂੰ 315 ਬੋਰ ਦਾ ਪਿਸਤੌਲ ਵੀ ਦਿੱਤਾ ਸੀ। ਸੰਦੀਪ ਕਾਹਲੋਂ ਬੀਡੀਪੀਓ ਦੇ ਅਹੁਦੇ ’ਤੇ ਤਾਇਨਾਤ ਸਨ।
ਪੁਲੀਸ ਅਨੁਸਾਰ ਸੰਦੀਪ ਕਾਹਲੋਂ ਨੂੰ 7 ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ। ਰਿਮਾਂਡ ਵਿੱਚ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਸ ਨੇ ਮਾਨਸਾ ਭੇਜੇ ਗਏ ਸ਼ੂਟਰਾਂ ਨਾਲ ਕਿਸ ਨੇ ਸੰਪਰਕ ਕੀਤਾ ਸੀ। ਇਸ ਦੇ ਨਾਲ ਹੀ ਸੰਦੀਪ ਦੀ ਮੂਸੇਵਾਲਾ ਨਾਲ ਕੀ ਦੁਸ਼ਮਣੀ ਸੀ, ਜੋ ਕਤਲ ਕਾਂਡ ਦੇ ਦੋਸ਼ੀ ਨੂੰ ਪਨਾਹ ਦੇ ਕੇ ਮਾਨਸਾ ਲੈ ਗਿਆ।
ਦੱਸਿਆ ਜਾ ਰਿਹਾ ਹੈ ਕਿ 3 ਸ਼ੂਟਰਾਂ ‘ਚੋਂ ਮਨੀ ਰਈਆ ਅਤੇ ਤੂਫਾਨ ਦੇ ਨਾਂ ਸੰਦੀਪ ਨੇ ਪੁਲਸ ਨੂੰ ਦੱਸੇ ਸਨ, ਜੋ ਕਿ ਭਗੌੜੇ ਹਨ ਪਰ ਤੀਜਾ ਸ਼ੂਟਰ ਅਜੇ ਪੁਲਸ ਦੀ ਨਜ਼ਰ ਤੋਂ ਬਾਹਰ ਹੈ। ਜਲਦੀ ਹੀ ਤੀਜੇ ਸ਼ੂਟਰ ਦਾ ਵੀ ਖੁਲਾਸਾ ਹੋਵੇਗਾ।