ਚੰਡੀਗੜ੍ਹ, 30 ਜੂਨ 2023 – ਪੰਜਾਬ ਸਰਕਾਰ ਦੀ ਗੋਆ ਵਿੱਚ ਵੀ ਜਾਇਦਾਦ ਹੈ। ਇਹ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹਨ। ਪੰਜਾਬ ਸਰਕਾਰ ਕੋਲ ਗੋਆ ਦੀ ਰਾਜਧਾਨੀ ਪਣਜੀ ਨੇੜੇ ਸਮੁੰਦਰੀ ਤੱਟ ‘ਤੇ 8 ਏਕੜ ਜ਼ਮੀਨ ਹੈ। ਸਾਬਕਾ ਚੰਨੀ ਸਰਕਾਰ ਨੇ ਇਹ ਜ਼ਮੀਨ ਪੰਜ ਤਾਰਾ ਹੋਟਲ ਚੇਨ ਨੂੰ ਲੀਜ਼ ‘ਤੇ ਦਿੱਤੀ ਸੀ ਪਰ ਮਾਨ ਸਰਕਾਰ ਦਾ ਦੋਸ਼ ਹੈ ਕਿ ਕਰੋੜਾਂ ਰੁਪਏ ਦੀ ਇਹ ਜ਼ਮੀਨ ਕੌਡੀਆਂ ਦੇ ਭਾਅ ‘ਤੇ ਲੀਜ਼ ‘ਤੇ ਦਿੱਤੀ ਗਈ ਹੈ।
ਹੁਣ ਮਾਨ ਸਰਕਾਰ ਨੇ ਪੰਜ ਤਾਰਾ ਹੋਟਲ ਨੂੰ ਦਿੱਤੀ ਇਸ ਜ਼ਮੀਨ ਦੀ ਲੀਜ਼ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮਾਨ ਸਰਕਾਰ ਦਾ ਇਲਜ਼ਾਮ ਹੈ ਕਿ ਇਸ ਜ਼ਮੀਨ ਨੂੰ ਕੌਡੀਆਂ ਦੇ ਭਾਅ ‘ਤੇ ਲੀਜ਼ ‘ਤੇ ਦੇਣ ‘ਚ ਵੀ ਧਾਂਦਲੀ ਹੋਈ ਹੈ। ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਨੂੰ ਇਸ ਲੀਜ਼ ਵਿਚ ਵੀ ਘਪਲੇ ਦਾ ਸ਼ੱਕ ਹੈ ਅਤੇ ਇਸ ਦੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਹੈ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਪਹਿਲਾਂ ਹੀ ਆਮਦਨ ਤੋਂ ਵੱਧ ਜਾਇਦਾਦ ਅਤੇ ਨੌਕਰੀਆਂ ਦੇ ਨਾਂ ‘ਤੇ ਪੈਸੇ ਲੈਣ ਦੇ ਮਾਮਲਿਆਂ ‘ਚ ਵਿਜੀਲੈਂਸ ਦੇ ਸ਼ਿਕੰਜੇ ‘ਚ ਹਨ, ਹੁਣ ਗੋਆ ‘ਚ ਜ਼ਮੀਨ ਦੀ ਜਾਂਚ ਤੋਂ ਬਾਅਦ ਇਹ ਮਾਮਲਾ ਹੋਰ ਵੀ ਵਧ ਸਕਦਾ ਹੈ। ਗੋਆ ‘ਚ ਜ਼ਮੀਨ ਨੂੰ ਲੈ ਕੇ ਜਿਸ ਤਰ੍ਹਾਂ ਸਰਕਾਰ ਹਮਲਾਵਰ ਹੋਈ ਹੈ, ਚੰਨੀ ਫਿਰ ਤੋਂ ਵਿਜੀਲੈਂਸ ਦੇ ਘੇਰੇ ‘ਚ ਆਉਂਦੇ ਨਜ਼ਰ ਆ ਰਹੇ ਹਨ।