ਚੰਡੀਗੜ੍ਹ, 18 ਫਰਵਰੀ 2023 – ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਵਾਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਉਨ੍ਹਾਂ ਨਾਲ ਵਿਵਾਦ ਹੋਇਆ ਹੈ। ਦਰਅਸਲ ਚੰਨੀ ਹਾਲ ਹੀ ‘ਚ ਹਿਮਾਚਲ ਪ੍ਰਦੇਸ਼ ਦੇ ਦੌਰੇ ‘ਤੇ ਸਨ।ਇੱਥੇ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਸੁੱਖੂ ਨੇ ਚੰਨੀ ਨੂੰ ਸ਼ਾਲ ਅਤੇ ਟੋਪੀ ਪਹਿਨਾਈ। ਪਰ ਚੰਨੀ ਨੇ ਦਸਤਾਰ ਉਪਰ ਹਿਮਾਚਲੀ ਟੋਪੀ ਪਾ ਦਿੱਤੀ। ਇਸ ਤੋਂ ਬਾਅਦ ਮਾਮਲੇ ਨੇ ਧਾਰਮਿਕ ਰੰਗ ਲੈ ਲਿਆ ਅਤੇ ਸਿੱਖ ਜਥੇਬੰਦੀਆਂ ਨੇ ਆਪਣਾ ਵਿਰੋਧ ਅਤੇ ਇਤਰਾਜ਼ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ।
ਚਰਨਜੀਤ ਸਿੰਘ ਚੰਨੀ ਦੀ ਦਸਤਾਰ ‘ਤੇ ਹਿਮਾਚਲੀ ਟੋਪੀ ਲਗਾਉਣ ਦੇ ਇਸ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਚੰਨੀ ਦੀ ਇੱਕ ਕਥਿਤ ਆਡੀਓ ਰਿਕਾਰਡਿੰਗ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਸੰਤ ਸਿਪਾਹੀ ਸੁਸਾਇਟੀ ਲੁਧਿਆਣਾ ਦੇ ਦਵਿੰਦਰ ਸਿੰਘ ਨਾਲ ਗੱਲਬਾਤ ਕਰ ਰਹੇ ਹਨ। ਇਸ ‘ਚ ਚੰਨੀ ਦੀ ਦਸਤਾਰ ‘ਤੇ ਹਿਮਾਚਲੀ ਟੋਪੀ ਰੱਖਣ ਦੇ ਮਾਮਲੇ ‘ਤੇ ਸਵਾਲ ਉਠਾਏ ਗਏ ਸਨ। ਚੰਨੀ ਨੇ ਜਵਾਬ ਦਿੱਤਾ ਕਿ ਇਹ ਉਨ੍ਹਾਂ ਦੇ ਸਨਮਾਨ ਲਈ ਕੀਤਾ ਗਿਆ ਸੀ ਅਤੇ ਮੈਂ ਬਾਅਦ ‘ਚ ਉਤਾਰ ਦਿੱਤੀ ਸੀ।
ਚੰਨੀ ਇਸ ਮਾਮਲੇ ‘ਤੇ ਮੁਆਫੀ ਮੰਗਦੇ ਵੀ ਸੁਣੇ ਗਏ ਹਨ। ਉਨ੍ਹਾਂ ਕਿਹਾ ਕਿ ਸਨਮਾਨ ਕਰਨ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਦਸਤਾਰ ‘ਤੇ ਟੋਪੀ ਨਹੀਂ ਰੱਖਣੀ ਚਾਹੀਦੀ। ਕਾਲਰ ਦਵਿੰਦਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਸੰਗਤਾਂ ਤੋਂ ਮੁਆਫੀ ਮੰਗਣ ਲਈ ਕਿਹਾ। ਇਸ ਦੇ ਜਵਾਬ ਵਿੱਚ ਚੰਨੀ ਨੇ ਕਿਹਾ ਕਿ ਉਹ ਜਥੇਦਾਰ ਕੋਲ ਜਾ ਕੇ ਮੁਆਫ਼ੀ ਮੰਗਣਗੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਦਸਤਾਰ ’ਤੇ ਹਿਮਾਚਲੀ ਟੋਪੀ ਪਹਿਨਣ ’ਤੇ ਵੀ ਇਤਰਾਜ਼ ਜਤਾਇਆ ਹੈ। ਸ਼੍ਰੋਮਣੀ ਕਮੇਟੀ ਨੇ ਚੰਨੀ ਨੂੰ ਸਿੱਖ ਮਰਿਆਦਾ ਦੀ ਉਲੰਘਣਾ ਕਰਨ ਲਈ ਮੁਆਫੀ ਮੰਗਣ ਲਈ ਕਿਹਾ ਹੈ। ਹਾਲਾਂਕਿ ਚੰਨੀ ਇਹ ਕਹਿ ਕੇ ਮੁਆਫੀ ਮੰਗ ਰਹੇ ਹਨ ਕਿ ਇਹ ਮਾਮਲਾ ਅਣਜਾਣੇ ‘ਚ ਸੀ।