- ਮੈਨੂੰ ਅਫ਼ਸੋਸ ਹੈ ਕਿ ਮੇਰੇ ਮੁੱਖ ਮੰਤਰੀ ਹੁੰਦਿਆਂ ਕੁਝ ਬੇਹੱਦ ਮਾੜੀਆਂ ਤੇ ਘਿਨਾਉਣੀਆਂ ਘਟਨਾਵਾਂ ਵਾਪਰੀਆਂ : ਪ੍ਰਕਾਸ਼ ਸਿੰਘ ਬਾਦਲ
- ਕਿਹਾ, ਮੇਰੇ ਉੱਪਰ ਇਰਾਦਾ ਕਤਲ ਦੀਆਂ ਧਰਾਵਾਂ ਲੁਆ ਕੇ ਸਾਜ਼ਿਸ਼ ਰਚਣ ਦਾ ਝੂਠਾ ਕੇਸ ਦਰਜ ਕਰਵਾਇਆ ਗਿਆ
ਚੰਡੀਗੜ੍ਹ, 20 ਮਾਰਚ 2023 – ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਮੂਹ ਪੰਜਾਬੀਆਂ ਦੇ ਨਾਮ ਇਕ ਚਿੱਠੀ ਲਿਖੀ ਗਈ ਹੈ। ਲਿੱਖੀ ਗਈ ਚਿੱਠੀ ਵਿੱਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਾਲੀ ਸੂਬਾ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਕਰਕੇ ਹੀ ਮੇਰੇ ਵਿਰੁੱਧ ਝੂਠਾ ਕੇਸ ਦਰਜ ਕਰਵਾਇਆ ਗਿਆ ਹੈ। ਉਹਨਾਂ ਨੇ ਪੰਜਾਬੀਆਂ ਦੇ ਨਾਂਅ ਲਿਖੀ ਖੁੱਲ੍ਹੀ ਚਿੱਠੀ ‘ਚ ਕੀ ਕਿਹਾ, ਪੜ੍ਹੋ….
ਪੰਜਾਬੀ ਵੀਰੋ/ਭੈਣੋ,
ਵਾਹਿਗੁਰੂ ਜੀ ਕਾ ਖ਼ਾਲਸਾ ।
ਵਾਹਿਗੁਰੂ ਜੀ ਕੀ ਫ਼ਤਿਹ ॥
ਪੰਜਾਬ ਗੁਰੂਆਂ, ਪੀਰਾਂ, ਸ਼ਹੀਦਾਂ ਅਤੇ ਸੂਰਬੀਰਾਂ ਦੀ ਧਰਤੀ ਹੈ। ਇਸ ਧਰਤੀ ਦਾ ਨਿਵੇਕਲਾ, ਸ਼ਾਨਾਮੱਤਾ ਇਤਿਹਾਸ ਹੈ। ਪੰਜਾਬੀਆਂ ਨੇ ਹਮੇਸ਼ਾ ਜਬਰ, ਜ਼ੁਲਮ ਅਤੇ ਬੇਇਨਸਾਫੀ ਦਾ ਡੱਟ ਕੇ ਮੁਕਾਬਲਾ ਕੀਤਾ ਹੈ। ਇਸ ਮਹਾਨ ਧਰਤੀ ਨੇ ਸਾਰੀ ਮਾਨਵਤਾ ਨੂੰ ਅਮਨ, ਸ਼ਾਂਤੀ, ਭਾਈਚਾਰਕ ਸਾਂਝ ਅਤੇ ‘ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ’ ਦਾ ਸੰਦੇਸ਼ ਦਿੱਤਾ ਹੈ।
ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸਭ ਤੋਂ ਵੱਡਾ ਯੋਗਦਾਨ ਪਾਇਆ। ਗੁਰਦੁਆਰਾ ਸੁਧਾਰ ਲਹਿਰ ਦੌਰਾਨ ਲੱਗੇ ਮੋਰਚਿਆਂ ਨੇ ਆਜ਼ਾਦੀ ਦੀ ਲੜਾਈ ਦੇ ਸੰਗਰਾਮ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ। ਅਜ਼ਾਦੀ ਅੰਦੋਲਨ ਦੌਰਾਨ ਫਾਂਸੀਆਂ ਤੇ ਚੜ੍ਹਨ ਵਾਲੇ ਤੇ ਕਾਲ ਕੋਠੜੀਆਂ ਦੀਆਂ ਸਜ਼ਾਵਾਂ ਕੱਟਣ ਵਾਲੇ ਵੀ ਸਭ ਤੋਂ ਵੱਧ ਪੰਜਾਬੀ ਹੀ ਸਨ। ਆਜ਼ਾਦ ਦੇਸ਼ ਨੂੰ ਅਨਾਜ ਦੇ ਮਸਲੇ ‘ਤੇ ਆਪਣੇ ਪੈਰਾਂ ‘ਤੇ ਖੜੇ ਕਰਨ ਵਾਲੇ ਵੀ ਪੰਜਾਬ ਦੇ ਮਿਹਨਤੀ ਕਿਸਾਨ ਵੀਰ ਹੀ ਸਨ। ਜਦੋਂ ਐਮਰਜੈਂਸੀ ਲਗਾ ਕੇ ਸ੍ਰੀਮਤੀ ਇੰਦਰਾ ਗਾਂਧੀ ਨੇ ਮਨੁੱਖੀ ਹੱਕਾਂ ਉੱਪਰ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਹੀ ਮੋਰਚਾ ਲਗਾਇਆ ਸੀ।
ਪਰ ਇਹ ਬੜੀ ਵੱਡੀ ਤ੍ਰਾਸਦੀ ਹੈ ਕਿ ਉਪਰੋਕਤ ਸਭ ਦੇ ਬਾਵਜੂਦ ਵੀ ਜਦੋਂ ਹੱਕ ਦੇਣ ਦੀ ਗੱਲ ਆਉਂਦੀ ਹੈ ਤਾਂ ਸਾਡੇ ਲਈ ਪੈਮਾਨੇ ਬਦਲ ਜਾਂਦੇ ਹਨ। ਸਾਨੂੰ ਸੂਬਾ ਵੀ ਸੰਘਰਸ਼ ਕਰਕੇ ਲੈਣਾ ਪਿਆ, ਰਾਜਧਾਨੀ ਹਾਲੇ ਤੱਕ ਨਹੀਂ ਮਿਲੀ, ਸਾਡੇ ਪਾਣੀ ਵੀ ਖੋਹ ਲਏ ਗਏ। ਇਹ ਵਿਤਕਰਾ ਅੱਜ ਤੱਕ ਜਾਰੀ ਹੈ।
ਵੀਰੋ, ਅਕਾਲ ਪੁਰਖ ਦੀ ਮਿਹਰ ਤੇ ਤੁਹਾਡੇ ਸਾਰਿਆਂ ਦੇ ਭਰਪੂਰ ਸਹਿਯੋਗ ਅਤੇ ਦੁਆਵਾਂ ਸਦਕਾ ਅੱਜ ਮੈਨੂੰ ਲੋਕ ਸੇਵਾ ਵਿਚ 70 ਸਾਲ ਹੋ ਚੁੱਕੇ ਹਨ। ਮੇਰੀ ਉਮਰ ਵੀ 95 ਸਾਲ ਨੂੰ ਟੱਪ ਚੁੱਕੀ ਹੈ। ਇਸ ਲੰਬੇ ਅਰਸੇ ਦੌਰਾਨ ਬੜੇ ਉਤਰਾਅ-ਚੜ੍ਹਾਅ ਦੇਖੇ ਹਨ। ਬੇਤਹਾਸ਼ਾ ਸਰਕਾਰੀ ਜਬਰ ਦਾ ਵੀ ਮੁਕਾਬਲਾ ਕੀਤਾ। ਪੰਥ ਤੇ ਪੰਜਾਬੀਆਂ ਦੀਆਂ ਹੱਕੀ ਮੰਗਾਂ ਦੀ ਖਾਤਰ ਜ਼ਿੰਦਗੀ ਦਾ ਵੱਡਾ ਹਿੱਸਾ ਜੇਲ੍ਹਾਂ ਵਿਚ ਬਿਤਾਇਆ। ਮਾਲਕ ਦੀ ਮਿਹਰ ਸਦਕਾ ਪੰਜ ਵਾਰ ਮੁੱਖ ਮੰਤਰੀ ਬਣਨ ਦਾ ਸੁਭਾਗ ਵੀ ਪ੍ਰਾਪਤ ਹੋਇਆ। ਨਿਮਾਣੇ ਬਣ ਸੇਵਾ ਕੀਤੀ। ਸਾਰਿਆਂ ਵਰਗਾਂ ਨਾਲ ਇਨਸਾਫ਼ ਕਰਨ ਦੀ ਕੋਸ਼ਿਸ਼ ਕੀਤੀ। ਸਾਰੇ ਧਰਮਾਂ ਦਾ ਸਤਿਕਾਰ ਕੀਤਾ। ਰਾਜ ਵਿਚ ਅਮਨ ਸ਼ਾਂਤੀ ਤੇ ਸਾਂਝੀਵਾਲਤਾ ਕਾਇਮ ਰੱਖੀ। ਇਸ ਦੌਰਾਨ ਸੂਬੇ ਵਿਚ ਵੱਡੇ ਪੱਧਰ ਤੇ ਵਿਕਾਸ ਕਾਰਜ ਹੋਏ। ਵਿਰਾਸਤ-ਏ-ਖ਼ਾਲਸਾ ਸਮੇਤ ਵੱਡੀਆਂ ਇਤਿਹਾਸਕ ਯਾਦਗਾਰਾਂ ਬਣਾਈਆਂ। ਮੇਰਾ ਸਾਰਾ ਜੀਵਨ ਇਕ ਖੁੱਲੀ ਕਿਤਾਬ ਹੈ। ਮੈਨੂੰ ਇਸ ਗੱਲ ਦੀ ਸੋਝੀ ਹੈ ਕਿ ਇਹ ਰੁਤਬੇ ਮਾਨਵਤਾ ਦੀ ਸੇਵਾ ਲਈ ਹਨ ਅਤੇ ਗੁਰੂ ਦੀ ਮਿਹਰ ਤੇ ਸੰਗਤ ਦੇ ਅਸ਼ੀਰਵਾਦ ਤੋਂ ਬਿਨਾ ਹਾਸਲ ਕਰਨੇ ਸੰਭਵ ਨਹੀਂ। ਇਸ ਲਈ ਮੈਂ ਮੁੱਖ ਮੰਤਰੀ ਦੇ ਉੱਚ ਪੱਧਰੀ ਵਕਾਰੀ ਅਹੁਦੇ ‘ਤੇ ਸੇਵਾ ਕਰਦੇ ਹੋਏ ਕਦੀ ਪੰਥ ਜਾਂ ਪੰਜਾਬ ਖ਼ਿਲਾਫ਼ ਸਾਜ਼ਿਸ਼ ਘੜਨੀ ਤਾਂ ਇਕ ਪਾਸੇ ਕਦੀ ਅਜਿਹਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ।
ਮੈਨੂੰ ਅਫ਼ਸੋਸ ਹੈ ਕਿ ਮੇਰੇ ਮੁੱਖ ਮੰਤਰੀ ਹੁੰਦਿਆਂ ਕੁਝ ਬੇਹੱਦ ਮਾੜੀਆਂ ਤੇ ਘਿਨਾਉਣੀਆਂ ਘਟਨਾਵਾਂ ਵਾਪਰੀਆਂ। ਇਹ ਪੰਜਾਬ ਦੇ ਅਮਨ ਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਦੀ ਡੂੰਘੀ ਸਾਜ਼ਿਸ਼ ਸੀ। ਇਸੇ ਕੜੀ ਵਿਚ ਦੋ ਲਾਅ ਐਂਡ ਆਰਡਰ ਦੀਆਂ ਘਟਨਾਵਾਂ ਵੀ ਅਚਾਨਕ ਵਾਪਰੀਆਂ ਜੋ ਬੇਹੱਦ ਮੰਦਭਾਗੀਆਂ ਸਨ। ਮੈ ਖੁਦ ਇਸ ਗੱਲ ਦਾ ਹਾਮੀ ਹਾਂ ਕਿ ਉਪਰੋਕਤ ਘਟਨਾਵਾਂ ਦੀ ਨਿਰਪੱਖ ਜਾਂਚ ਹੋਵੇ ਤੇ ਸਾਰੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ। ਪਰ ਬੜਾ ਅਫ਼ਸੋਸ ਹੈ ਕਿ ਸਾਡੀ ਸਰਕਾਰ ਜਾਣ ਤੋਂ ਬਾਅਦ ਪਹਿਲਾਂ ਪੰਜ ਸਾਲ ਕਾਂਗਰਸ ਦੀ ਸਰਕਾਰ ਨੇ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਉੱਪਰ ਨਿਰੰਤਰ ਰਾਜਨੀਤੀ ਕੀਤੀ ਹੈ।
ਇਸ ਤੋਂ ਘਟੀਆ ਗੱਲ ਕੀ ਹੋ ਸਕਦੀ ਹੈ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਰਾਹੀਂ ਚਲਾਈ ਜਾ ਰਹੀ ਸਰਕਾਰ ਇਸ ਹੱਦ ਤੱਕ ਗਿਰ ਗਈ ਹੈ ਕਿ ਲਾਅ ਐਂਡ ਆਰਡਰ ਦੀ ਇਕ ਸਥਿਤੀ ਨੂੰ ਲੈ ਕੇ ਅਤੇ ਸਾਰੇ ਕਾਇਦੇ ਕਨੂੰਨ ਛਿੱਕੇ ‘ਤੇ ਟੰਗ ਕੇ ਮੇਰੇ ਉੱਪਰ ਇਰਾਦਾ ਕਤਲ ਦੀਆਂ ਧਰਾਵਾਂ ਲੁਆ ਕੇ ਸਾਜ਼ਿਸ਼ ਰਚਣ ਦਾ ਝੂਠਾ ਕੇਸ ਦਰਜ ਕਰਵਾਇਆ ਗਿਆ ਹੈ। ਭਗਵੰਤ ਮਾਨ ਦੀ ਇਹ ਕਾਰਵਾਈ ਬੇਹੱਦ ਅਨੈਤਿਕ, ਲੋਕਤੰਤਰ ਲਈ ਬੇਹੱਦ ਘਾਤਕ ਅਤੇ ਮੁੱਖ ਮੰਤਰੀ ਦੇ ਸੰਵਿਧਾਨਿਕ ਆਹੁਦੇ ਨੂੰ ਕਲੰਕਤ ਕਰਨ ਦੀ ਕੋਝੀ ਸਾਜ਼ਿਸ਼ ਹੈ। ਇਹ ਬਦਲਾਖੋਰੀ ਦੀ ਸਿਆਸਤ ਦਾ ਸਿੱਖ਼ਰ ਹੈ।
ਮੈਂ ਸਾਰੀ ਉਮਰ ਹੀ ਸਰਕਾਰਾਂ ਦੇ ਜਬਰ ਖ਼ਿਲਾਫ਼ ਲੜਦਾ ਰਿਹਾ ਹਾਂ ਅਤੇ 95 ਸਾਲ ਦੀ ਉਮਰ ਵਿਚ ਹੁਣ ਵੀ ਡੱਟ ਕੇ ਲੜਾਂਗਾ। ਇਸ ਤਰ੍ਹਾਂ ਦੇ ਦਬਾਅ ਮੈਨੂੰ ਕਦੀ ਵੀ ਝੁਕਾ ਨਹੀਂ ਸਕਦੇ। ਮੈਨੂੰ ਨਿਆਂਪਾਲਿਕਾ ਉਪਰ ਪੂਰਨ ਭਰੋਸਾ ਹੈ। ਮੈਂ ਸਮੂਹ ਪੰਜਾਬੀਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਇਹ ਕੇਸ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਇਕ ਵੱਡੀ ਸਾਜ਼ਿਸ਼ ਹੈ। ਸਮੂਹ ਪੰਥ ਪ੍ਰਸਤਾਂ ਅਤੇ ਸਮੂਹ ਪੰਜਾਬੀਆਂ ਨੂੰ ਇਕਜੁੱਟ ਹੋ ਕੇ ਇਹਨਾਂ ਸਾਜਿਸ਼ਾਂ ਖਿਲਾਫ ਡੱਟ ਕੇ ਖੜਨਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਹਰਾ ਕੇ ਵਿਰੋਧੀਆਂ ਨੂੰ ਕਰਾਰਾ ਜਵਾਬ ਦੇਣਾ ਚਾਹੀਦਾ ਹੈ। ਬਹੁਤ- ਬਹੁਤ ਧੰਨਵਾਦ।