- ਸੀਬੀਆਈ ਨੇ ਲੁਧਿਆਣਾ ਵਿੱਚ 20 ਦੁਕਾਨਾਂ ਵੀ ਲੱਭੀਆਂ
ਨਵੀਂ ਦਿੱਲੀ, 26 ਅਕਤੂਬਰ 2025 – ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਰੋਪੜ ਰੇਂਜ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਡਿਊਟੀ ਦੌਰਾਨ ਲਗਭਗ 10 ਵਾਰ ਦੁਬਈ ਗਏ ਹਨ। ਸੀਬੀਆਈ ਨੇ ਭੁੱਲਰ ਦਾ ਪਾਸਪੋਰਟ ਜ਼ਬਤ ਕਰ ਲਿਆ ਹੈ ਅਤੇ ਹੁਣ ਭੁੱਲਰ ਦੀਆਂ ਵਿਦੇਸ਼ੀ ਯਾਤਰਾਵਾਂ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।
ਸੀਬੀਆਈ ਦੇ ਅਧਿਕਾਰਤ ਸੂਤਰਾਂ ਅਨੁਸਾਰ, ਭੁੱਲਰ ਦੀ ਹੁਣ ਤੱਕ ਦੁਬਈ ਵਿੱਚ ਦੋ ਅਤੇ ਕੈਨੇਡਾ ਵਿੱਚ ਤਿੰਨ ਫਲੈਟ ਹੋਣ ਬਾਰੇ ਪਤਾ ਲੱਗਿਆ ਹੈ। ਇਸ ਤੋਂ ਇਲਾਵਾ, ਸੀਬੀਆਈ ਨੇ ਲੁਧਿਆਣਾ ਵਿੱਚ ਲਗਭਗ 55 ਏਕੜ ਜ਼ਮੀਨ ਅਤੇ ਮਾਛੀਵਾੜਾ ਖੇਤਰ ਵਿੱਚ 20 ਦੁਕਾਨਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਹੈ। ਸੀਬੀਆਈ ਨੂੰ ਸ਼ੱਕ ਹੈ ਕਿ ਭੁੱਲਰ ਨੇ ਆਪਣੇ ਕਾਰਜਕਾਲ ਦੌਰਾਨ ਵਿਦੇਸ਼ਾਂ ਵਿੱਚ ਜਾਇਦਾਦਾਂ ਹਾਸਲ ਕੀਤੀਆਂ ਸਨ।
ਸੀਬੀਆਈ ਸੂਤਰਾਂ ਦਾ ਕਹਿਣਾ ਹੈ ਕਿ ਏਜੰਸੀ ਹੁਣ ਇਨ੍ਹਾਂ ਸਾਰੀਆਂ ਜਾਇਦਾਦਾਂ ਦੇ ਸਰੋਤ ਦੀ ਜਾਂਚ ਕਰ ਰਹੀ ਹੈ ਅਤੇ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਇਹ ਕਿਸੇ ਹੋਰ ਦੇ ਨਾਮ ‘ਤੇ ਖਰੀਦੀਆਂ ਗਈਆਂ ਹਨ ਜਾਂ ਭੁੱਲਰ ਨੇ ਪਣੇ ਨਾਮ ‘ਤੇ ਖਰੀਦੀਆਂ ਹਨ। ਆਉਣ ਵਾਲੇ ਦਿਨਾਂ ਵਿੱਚ ਭੁੱਲਰ ਦੀਆਂ ਜਾਇਦਾਦਾਂ ਬਾਰੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਉੱਥੇ ਹੀ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀ ਨਾਲ ਰਿਸ਼ਵਤ ਦਾ ਪ੍ਰਬੰਧ ਕਰਨ ਵਾਲੇ ਕ੍ਰਿਸ਼ਨੂ ਨੂੰ ਸੀਬੀਆਈ ਵੱਲੋਂ ਸਰਕਾਰੀ ਗਵਾਹ ਬਣਾਇਆ ਜਾ ਸਕਦਾ ਹੈ। ਕ੍ਰਿਸ਼ਨੂ ਨੂੰ ਅਜਿਹਾ ਕਰਨ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜੇਕਰ ਉਹ ਸਰਕਾਰੀ ਗਵਾਹ ਬਣ ਜਾਂਦਾ ਹੈ, ਤਾਂ ਇਹ ਹਰਚਰਨ ਸਿੰਘ ਭੁੱਲਰ ਲਈ ਮਾਮਲਿਆਂ ਨੂੰ ਹੋਰ ਗੁੰਝਲਦਾਰ ਬਣਾ ਸਕਦਾ ਹੈ।


