ਬਟਾਲਾ, 14 ਅਕਤੂਬਰ 2023 – ਗੁਰਦਾਸਪੁਰ ਦੇ ਬਟਾਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਰਹੇ ਅਤੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਏ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਦੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਅਸ਼ਵਨੀ ਸੇਖੜੀ ਅਤੇ ਉਹਨਾਂ ਦਾ ਪੁੱਤਰ ਅਭਿਨਵ ਸੇਖੜੀ ਇੱਕ ਵਿਅਕਤੀ ਨਾਲ ਮਾਰ ਕੁਟਾਈ ਕਰਦੇ ਨਜ਼ਰ ਆ ਰਹੇ ਹਨ।ਕੁੱਟਿਆ ਜਾਣ ਵਾਲਾ ਵਿਅਕਤੀ ਹੋਰ ਕੋਈ ਨਹੀਂ ਸਗੋਂ ਅਸ਼ਵਨੀ ਸੇਖੜੀ ਦਾ ਆਪਣਾ ਸਗਾ ਭਰਾ ਇੰਦਰ ਸੇਖੜੀ ਹੈ।
ਦੱਸਿਆ ਜਾ ਰਿਹਾ ਹੈ ਕਿ ਅਸ਼ਵਨੀ ਸੇਖੜੀ ਅਤੇ ਉਸ ਦੇ ਪੁੱਤਰ ਅਨੁਭਵ ਸੇਖੜੀ ਨੇ ਇੰਦਰ ਸੇਖੜੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਗੰਦੇ ਸ਼ਬਦ ਵੀ ਵਰਤੇ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਵੀ ਮੌਜੂਦ ਸਨ। ਕੁੱਟਮਾਰ ਦੀ ਘਟਨਾ ਦੀ ਵੀਡੀਓ ਵਿੱਚ ਵਾਇਰਲ ਹੋ ਰਹੀ ਹੈ, ਜਿਸ ‘ਚ ਇੱਕ ਉਸਾਰੀ ਅਧੀਨ ਇਮਾਰਤ ਨਜ਼ਰ ਆ ਰਹੀ ਹੈ ਅਤੇ ਮਾਰਕੁਟਾਈ ਦੀ ਘਟਨਾ ਕੁਝ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅਸ਼ਵਨੀ ਸ਼ੇਖੜੀ ਦਾ ਆਪਣੇ ਭਰਾ ਇੰਦਰ ਸ਼ੇਖੜੀ ਨਾਲ ਜ਼ਮੀਨ ਨੂੰ ਲੈ ਕੇ ਪੁਰਾਣਾ ਝਗੜਾ ਚੱਲ ਰਿਹਾ ਹੈ, ਜਿਸ ਕਾਰਨ ਇੰਦਰ ਸ਼ੇਖੜੀ ਨੇ ਸੁੱਚਾ ਸਿੰਘ ਛੋਟੇਪੁਰ ਵੱਲੋਂ ਬਣਾਈ ਪਾਰਟੀ ਤੋਂ ਅਸ਼ਵਨੀ ਸ਼ੇਖੜੀ ਦੇ ਖਿਲਾਫ ਚੋਣ ਵੀ ਲੜੀ ਸੀ।
ਇਸ ਦੇ ਨਾਲ ਹੀ ਜਦੋਂ ਇਸ ਸਬੰਧੀ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੈਰੀ ਕਲਸੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਲੜਾਈ ਹੋਈ ਹੈ ਪਰ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਪਰ ਉਹ ਇਸ ਬਾਰੇ ਜਿਆਦਾ ਨਹੀਂ ਬੋਲਣਾ ਚਾਹੁੰਦੇ ਕਿਉਂਕਿ ਇਹ ਇੱਕ ਪਰਿਵਾਰਕ ਲੜਾਈ ਹੈ। ਐਨਾ ਜ਼ਰੂਰ ਕਹਿਣਗੇ ਕਿ ਸਿਆਸੀ ਰੁਤਬੇ ਵਾਲੇ ਲੋਕਾਂ ਨੂੰ ਪਰਿਵਾਰਿਕ ਲੜਾਈਆਂ ਨੂੰ ਸੜਕ ਤੇ ਨਹੀਂ ਲਿਆਉਣਾ ਚਾਹੀਦਾ।
ਇਸ ਮਾਮਲੇ ਸਬੰਧੀ ਜਦੋਂ ਅਸ਼ਵਨੀ ਅਤੇ ਉਸ ਦੇ ਭਰਾ ਇੰਦਰ ਸੇਖੜੀ ਨਾਲ ਸੰਪਰਕ ਕੀਤਾ ਗਿਆ ਤਾਂ ਫਿਲਹਾਲ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਜਲਦੀ ਹੀ ਉਹਨਾਂ ਦਾ ਪੱਖ ਸਾਹਮਣੇ ਆਉਣ ਦੀ ਵੀ ਉਮੀਦ ਹੈ।