ਲੁਧਿਆਣਾ, 16 ਜੁਲਾਈ 2022 – ਬਲਾਤਕਾਰ ਮਾਮਲੇ ਦੇ ਦੋਸ਼ੀ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਅੱਜ ਆਤਮ ਸਮਰਪਣ ਤੋਂ ਬਾਅਦ ਤੀਜੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਪਹਿਲੀ ਵਾਰ ਬੈਂਸ ਤੇ ਉਸ ਦੇ ਸਾਥੀਆਂ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਦੂਜੀ ਵਾਰ 2 ਦਿਨ ਦਾ ਰਿਮਾਂਡ ਦਿੱਤਾ ਗਿਆ ਸੀ। ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਸ਼ਾਇਦ ਅੱਜ ਬੈਂਸ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ।
ਪੁਲਿਸ ਵੱਲੋਂ ਬੈਂਸ ਸਮੇਤ ਅਤੇ 4 ਹੋਰ ਮੁਲਜ਼ਮਾਂ ਪਰਮਜੀਤ ਸਿੰਘ ਪੰਮਾ, ਪ੍ਰਦੀਪ ਸ਼ਰਮਾ ਗੋਗੀ, ਬਲਜਿੰਦਰ ਕੌਰ ਅਤੇ ਜਸਬੀਰ ਕੌਰ ਨੂੰ ਵੀ ਮੁੜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਵੱਲੋਂ 2018 ਵਿੱਚ ਬੈਂਸ ਅਤੇ ਉਸ ਦੇ ਕੁਝ ਸਾਥੀਆਂ ਖ਼ਿਲਾਫ਼ ਥਾਣਾ ਸਰਾਭਾ ਨਗਰ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਬੈਂਸ ਮਿਲਕ ਪਲਾਂਟ ਵਿੱਚ ਅਣ-ਅਧਿਕਾਰਤ ਤੌਰ ’ਤੇ ਦਾਖ਼ਲ ਹੋਇਆ ਸੀ। ਇਸ ਮਾਮਲੇ ਵਿੱਚ ਬੈਂਸ ਵੱਲੋਂ ਅਦਾਲਤ ਦੇ ਸੰਮਨ ਨੂੰ ਅਣਗੌਲਿਆ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅਦਾਲਤ ਵੱਲੋਂ ਬੈਂਸ ਅਤੇ ਉਸ ਦੇ ਸਾਥੀਆਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।

ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸੁਮਿਤ ਮੱਕੜ ਦੇ ਹੁਕਮਾਂ ‘ਤੇ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਧਾਰਾ 174ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 52 ਸਾਲਾ ਸਿਮਰਜੀਤ ਸਿੰਘ ਬੈਂਸ ਅਤੇ ਉਸ ਦੇ ਸਮਰਥਕਾਂ ਖਿਲਾਫ 12 ਜੂਨ 2018 ਨੂੰ ਸਰਾਭਾ ਨਗਰ ਥਾਣਾ ਸਰਾਭਾ ਨਗਰ ਲੁਧਿਆਣਾ ਵਿਖੇ ਧਾਰਾ 353,186, 451, 149 ਅਤੇ 506 ਤਹਿਤ ਅਣਅਧਿਕਾਰਤ ਤੌਰ ‘ਤੇ ਵੇਰਕਾ ਮਿਲਕ ਪਲਾਂਟ ‘ਚ ਦਾਖਲ ਹੋਣ, ਕਰਮਚਾਰੀਆਂ ਨਾਲ ਦੁਰਵਿਵਹਾਰ ਕਰਨ ਆਦਿ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਮਾਮਲਾ ਦਰਜ ਕੀਤਾ ਗਿਆ ਸੀ | .
ਪੁਲਿਸ ਅੱਜ ਇਸ ਮਾਮਲੇ ਦਾ ਸਹਾਰਾ ਲੈ ਕੇ ਬੈਂਸ ਦਾ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ। ਦੇਰ ਰਾਤ ਸਾਬਕਾ ਵਿਧਾਇਕ ਤੇ ਸਾਥੀਆਂ ਦਾ ਪੁਲੀਸ ਨੇ ਮੈਡੀਕਲ ਕਰਵਾਇਆ।
