ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਦਾ ਦੇਹਾਂਤ

  • ਪੀ.ਏ.ਯੂ. ਅਤੇ ਖੇਤੀ ਵਿਗਿਆਨ ਹਲਕਿਆਂ ਵਿਚ ਸੋਗ ਦੀ ਲਹਿਰ

ਲੁਧਿਆਣਾ 3 ਮਈ 2024 – ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰ ਅਤੇ ਪ੍ਰਸਿੱਧ ਜੈਨੇਟਿਕ ਵਿਗਿਆਨੀ ਡਾ. ਮਨਜੀਤ ਸਿੰਘ ਕੰਗ 2 ਮਈ 2024 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ| ਉਹ ਅਮਰੀਕਾ ਦੇ ਇਲੀਨੌਏ ਰਾਜ ਦੇ ਕਾਰਬੋਨਡੇਲ ਵਿਚ ਰਹਿ ਰਹੇ ਸਨ| ਉਹਨਾਂ ਦੇ ਜਾਣ ਤੇ ਪੀ.ਏ.ਯੂ. ਦੇ ਸਮੁੱਚੇ ਵਿਗਿਆਨੀ ਭਾਈਚਾਰੇ ਅਤੇ ਕਰਮਚਾਰੀਆਂ ਵਿਚ ਸੋਗ ਦੀ ਲਹਿਰ ਫੈਲ ਗਈ ਹੈ| ਡਾ. ਕੰਗ 30 ਅਪ੍ਰੈਲ 2007 ਤੋਂ 30 ਅਪ੍ਰੈਲ 2011 ਤੱਕ ਪੀ.ਏ.ਯੂ. ਦੇ ਵਾਈਸ ਚਾਂਸਲਰ ਵਜੋਂ ਨਿਯੁਕਤ ਰਹੇ|

ਡਾ. ਮਨਜੀਤ ਸਿੰਘ ਕੰਗ ਹੋਰਾਂ ਦੀ ਮੌਤ ਦੇ ਸੋਗ ਵਜੋਂ ਇਕ ਸ਼ੋਕ ਸਭਾ ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿਚ ਹੋਈ| ਇਸ ਵਿਚ ਪੀ.ਏ.ਯੂ. ਦੇ ਉੱਚ ਅਧਿਕਾਰੀ, ਵਿਗਿਆਨੀ ਅਤੇ ਕਰਮਚਾਰੀ ਸ਼ਾਮਿਲ ਹੋਏ| ਹਾਜ਼ਰੀਨ ਨੇ ਭਰੇ ਮਨ ਨਾਲ ਡਾ. ਮਨਜੀਤ ਸਿੰਘ ਕੰਗ ਦੀ ਪੀ.ਏ.ਯੂ. ਨੂੰ ਦੇਣ ਯਾਦ ਕੀਤਾ| ਵਿਛੜੀ ਰੂਹ ਦੀ ਸ਼ਾਂਤੀ ਲਈ ਕੁਝ ਪਲਾਂ ਦਾ ਮੌਨ ਧਾਰਨ ਕੀਤਾ ਗਿਆ ਅਤੇ ਪਰਿਵਾਰ ਨੂੰ ਇਸ ਅਸਹਿ ਸਦਮੇ ਨੂੰ ਸਹਿਣ ਦਾ ਬਲ ਦੇਣ ਲਈ ਅਰਦਾਸ ਹੋਈ|

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਕੰਗ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਕ ਸ਼ਾਨਦਾਰ ਖੇਤੀ ਵਿਗਿਆਨੀ, ਉੱਘੇ ਪ੍ਰਸ਼ਾਸਕ ਅਤੇ ਬਿਹਤਰੀਨ ਮਨੁੱਖ ਦਾ ਸਦੀਵੀ ਵਿਛੋੜਾ ਅਸਹਿ ਘਟਨਾ ਹੈ| ਉਹਨਾਂ ਕਿਹਾ ਕਿ ਸਮੁੱਚੇ ਪੀ.ਏ.ਯੂ. ਪਰਿਵਾਰ ਲਈ ਇਹ ਕਦੇ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੈ| ਉਹਨਾਂ ਦੇ ਜਾਣ ਨਾਲ ਖੇਤੀ ਖੇਤਰ ਅਤੇ ਕਿਸਾਨੀ ਸਮਾਜ ਇਕ ਹਮਦਰਦ ਵਿਗਿਆਨੀ ਦੀਆਂ ਸੇਵਾਵਾਂ ਤੋਂ ਵਾਂਝਾ ਹੋ ਗਿਆ ਹੈ|

ਡਾ. ਕੰਗ ਦਾ ਜਨਮ 3 ਮਾਰਚ 1948 ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਹੋਇਆ| 1968 ਵਿਚ ਪੀ.ਏ.ਯੂ. ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਦੇ ਨਾਲ ਡਾ. ਕੰਗ ਖੇਤੀ ਵਿਗਿਆਨ ਖੇਤਰ ਵਿਚ ਦਾਖਲ ਹੋਏ| ਉਹਨਾਂ ਨੇ 1971 ਵਿਚ ਐਡਵਰਡਜ਼ਵਿਲੇ ਦੀ ਸਾਊਦਰਨ ਇਲੀਨੋਏਸ ਯੂਨੀਵਰਸਿਟੀ ਤੋਂ ਪੌਦਾ ਜੈਨੇਟਿਕਸ ਵਿਚ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ| ਇਸੇ ਯੂਨੀਵਰਸਿਟੀ ਤੋਂ 1977 ਵਿਚ ਬੌਟਨੀ ਦੀ ਉਚੇਰੀ ਪੜ੍ਹਾਈ ਉਹਨਾਂ ਕੀਤੀ| ਇਸੇ ਸਾਲ ਕੋਲੰਬੀਆ ਦੀ ਮਿਸੌਰੀ ਯੂਨੀਵਰਸਿਟੀ ਤੋਂ ਪੌਦਾ ਵਿਗਿਆਨ ਦੇ ਖੇਤਰ ਵਿਚ ਪੀ ਐੱਚ ਡੀ ਦੀ ਡਿਗਰੀ ਹਾਸਲ ਕੀਤੀ|

ਡਾ. ਕੰਗ ਦੀ ਯੋਗਤਾ ਅਤੇ ਸਮਰਥਾ ਕਾਰਨ ਉਹਨਾਂ ਨੂੰ ਅਮਰੀਕਾ ਦੀਆਂ ਵੱਕਾਰੀ ਸੰਸਥਾਵਾਂ ਵਿਚ ਕੰਮ ਕਰਨ ਦਾ ਮੌਕਾ ਮਿਲਿਆ| ਉਹ ਲੁਸੀਆਨਾ ਰਾਜ ਯੂਨੀਵਰਸਿਟੀ ਵਿਚ 1990 ਵਿਚ ਕੁਆਨਟੀਟੇਟਿਵ ਜੈਨੇਟਿਕਸ ਦੇ ਪ੍ਰੋਫੈਸਰ ਨਿਯੁਕਤ ਹੋਏ|

ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਦੇ ਵਾਈਸ ਚਾਂਸਲਰ ਦੇ ਤੌਰ ਤੇ ਉਹਨਾਂ ਨੇ ਇਸ ਯੂਨੀਵਰਸਿਟੀ ਅਤੇ ਪੰਜਾਬ ਨੂੰ ਸੰਸਾਰ ਪੱਧਰ ਦੀ ਖੇਤੀ ਵਿਗਿਆਨਕਤਾ ਦੇ ਤਜਰਬਿਆਂ ਨਾਲ ਜੋੜਿਆ| ਵਿਦਿਆਰਥੀਆਂ, ਵਿਗਿਆਨੀਆਂ ਅਤੇ ਕਰਮਚਾਰੀਆਂ ਵਿਚ ਉਹਨਾਂ ਦੇ ਸਨਮਾਨ ਦਾ ਅਧਾਰ ਉਹਨਾਂ ਦਾ ਮਿਲਾਪੜਾ ਸੁਭਾਅ, ਵਿਦਵਤਾ ਭਰਪੂਰ ਸ਼ਖ਼ਸੀਅਤ ਸੀ|

ਵਾਈਸ ਚਾਂਸਲਰ ਦੇ ਤੌਰ ਤੇ ਡਾ. ਕੰਗ ਨੇ ਯੂਨੀਵਰਸਿਟੀ ਦੀ ਖੋਜ ਨੂੰ ਮਜ਼ਬੂਤ ਕਰਨ ਲਈ ਦਿਲਚਸਪੀ ਦਿਖਾਈ| ਉਹਨਾਂ ਨੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਦੁਵੱਲੇ ਸੰਬੰਧਾਂ ਉੱਪਰ ਜ਼ੋਰ ਦਿੰਦਿਆਂ ਸਾਂਝੇ ਖੋਜ ਪ੍ਰੋਜੈਕਟਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ| ਇਸ ਨਾਲ ਪੀ.ਏ.ਯੂ. ਦਾ ਮਾਣ ਮਰਤਬਾ ਕੌਮਾਂਤਰੀ ਪੱਧਰ ਤੇ ਉੱਚਾ ਹੋਇਆ| ਵਾਈਸ ਚਾਂਸਲਰ ਨੇ ਕਿਹਾ ਕਿ ਉਹਨਾਂ ਦੀ ਅਗਵਾਈ ਵਿਚ ਪੀ.ਏ.ਯੂ. ਦਾ ਸ਼ੁਮਾਰ ਨਾ ਸਿਰਫ ਦੇਸ਼ ਦੀ ਬਲਕਿ ਸੰਸਾਰ ਦੀਆਂ ਸਰਵੋਤਮ ਸੰਸਥਾਵਾਂ ਵਿਚ ਹੋਇਆ|

ਡਾ. ਮਨਜੀਤ ਸਿੰਘ ਕੰਗ ਦੁਨੀਆਂ ਭਰ ਵਿਚ ਹੋ ਰਹੀ ਖੇਤੀ ਖੋਜ ਦੇ ਵੱਡੇ ਵਿਗਿਆਨੀ ਹੋਣ ਦੇ ਨਾਲ-ਨਾਲ ਪੰਜਾਬ ਦੀਆਂ ਖੇਤੀ ਚੁਣੌਤੀਆਂ ਨਾਲ ਡੂੰਘੀ ਤਰ੍ਹਾਂ ਜੁੜੇ ਹੋਏ ਸਨ| ਉਹਨਾਂ ਨੂੰ 2018 ਵਿਚ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦਾ ਮਾਣ ਪੁਰਸਕਾਰ ਨਾਲ ਸਨਮਾਨਿਤ ਕੀਤਾ| ਇਸਦੇ ਨਾਲ ਹੀ ਨਵੰਬਰ 2019 ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਦਿਵਸ ਮੌਕੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਅਚੀਵਰਜ਼ ਐਵਾਰਡ ਨਾਲ ਨਿਵਾਜ਼ਿਆ|

ਡਾ. ਸਤਿਬੀਰ ਸਿੰਘ ਗੋਸਲ ਨੇ ਡੂੰਘੇ ਦੁੱਖ ਵਿੱਚੋਂ ਕਿਹਾ ਕਿ ਖੇਤੀ ਵਿਗਿਆਨੀ ਦੇ ਤੌਰ ਤੇ ਉਹ ਇਕ ਐਸੇ ਸ਼ਾਨਾਮੱਤੇ ਸਫਰ ਦੇ ਹਸਤਾਖਰ ਰਹੇ ਜਿਸ ਵਿਚ ਲਗਨ, ਸਮਰਪਣ ਅਤੇ ਮਿਹਨਤ ਦੀ ਮਿਸਾਲ ਪੂਰੀ ਦੁਨੀਆਂ ਸਾਹਮਣੇ ਸਾਕਾਰ ਹੁੰਦੀ ਸੀ|

ਪੀ.ਏ.ਯੂ. ਪਰਿਵਾਰ ਡਾ. ਮਨਜੀਤ ਸਿੰਘ ਕੰਗ ਨੂੰ ਹਮੇਸ਼ਾਂ ਇਕ ਸੂਝਵਾਨ ਆਗੂ, ਕੁਸ਼ਲ ਪ੍ਰਸ਼ਾਸਕ, ਸਿਦਕਵਾਨ ਅਧਿਆਪਕ ਅਤੇ ਨਿੱਘੇ ਮਨੁੱਖ ਵਜੋਂ ਯਾਦ ਕਰਦਾ ਰਹੇਗਾ|

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਾਬਕਾ CM ਚਰਨਜੀਤ ਚੰਨੀ ਨੇ ਸੰਤ ਸੀਚੇਵਾਲ ਨਾਲ ਕੀਤੀ ਮੁਲਾਕਾਤ, ਲਿਆ ਆਸ਼ੀਰਵਾਦ

ਚੋਣ ਰੈਲੀਆਂ ਲਈ ਸਕੂਲਾਂ ਅਤੇ ਕਾਲਜਾਂ ਦੇ ਮੈਦਾਨਾਂ ਦੀ ਨਹੀਂ ਕੀਤੀ ਜਾ ਸਕਦੀ ਵਰਤੋਂ – ਮੁੱਖ ਚੋਣ ਅਧਿਕਾਰੀ ਹਰਿਆਣਾ