ਨਾਭਾ ਜੇਲ੍ਹ ਬਰੇਕ ਕਾਂਡ ਦੇ ਮੁੱਖ ਸਰਗਨੇ ਦੇ ਚਾਰੇ ਸਾਥੀ ਗੈਂਗਸਟਰ ਪੁਲਸ ਮੁੱਠਭੇੜ ਬਾਅਦ ਗ੍ਰਿਫਤਾਰ

  • 1 ਕਿੱਲੋ ਹੈਰੋਇਨ, 4 ਪਿਸਟਲ ਅਤੇ ਰੌਂਦ ਬਰਾਮਦ, ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 5 ਕਰੋੜ

ਦੇਵਾ ਨੰਦ ਸ਼ਰਮਾ

ਫ਼ਰੀਦਕੋਟ, 8 ਮਈ 2022 – ਬੀਤੀ ਰਾਤ ਲਾਗਲੇ ਪਿੰਡ ਸਿੱਖਾਂ ਵਾਲਾ ਦੇ ਚੌਰਸਤੇ ’ਤੇ ਦੋ ਪੁਲਸ ਪਾਰਟੀਆਂ ਵੱਲੋਂ ਲਗਾਏ ਗਏ ਨਾਕੇ ਦੌਰਾਨ ਨਾਭਾ ਜੇਲ ਬਰੇਕ ਕਾਂਡ ਦੇ ਮੁੱਖ ਸਰਗਨੇ ਦੇ ਚਾਰ ਸਾਥੀ ਗੈਂਗਸਟਰਾਂ ਨਾਲ ਹੋਈ ਮੁਠਭੇੜ ਤੋਂ ਬਾਅਦ ਇਹਨਾਂ ਚਾਰਾਂ ਨੂੰ ਬਿਨਾ ਕਿਸੇ ਜਾਨੀ ਨੁਕਸਾਨ ਦੇ ਗ੍ਰਿਫਤਾਰ ਕਰ ਲਿਆ ਗਿਆ।

ਇਹ ਜਾਣਕਾਰੀ ਇੰਸਪੈਕਟਰ ਜਨਰਲ ਆਫ਼ ਪੁਲਸ ਫ਼ਰੀਦਕੋਟ ਰੇਂਜ਼ ਪ੍ਰਦੀਪ ਕੁਮਾਰ ਯਾਦਵ ਅਤੇ ਜ਼ਿਲ੍ਹੇ ਦੀ ਸੀਨੀਅਰ ਪੁਲਸ ਕਪਤਾਨ ਅਵਨੀਤ ਕੌਰ ਸਿੱਧੂ ਨੇ ਦਿੰਦਿਆਂ ਦੱਸਿਆ ਕਿ ਜਦ ਬੀਤੀ ਰਾਤ ਚੌਰਸਤਾ ਸੇਮ ਨਾਲਾ ਪਿੰਡ ਸਿੱਖਾਂਵਾਲਾ ਵਿਖੇ ਸੀ.ਆਈ.ਏ ਸਟਾਫ਼ ਮੁਖੀ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਦੋ ਪਲਸ ਪਾਰਟੀਆਂ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਤਾਂ ਪਿੰਡ ਭਾਣਾ ਵਾਲੇ ਪਾਸਿਓ ਇੱਕ ਕਾਰ ਆਉਂਦੀ ਦਿਖਾਈ ਦਿੱਤੀ।

ਜਦ ਪਹਿਲੀ ਪੁਲਸ ਪਾਰਟੀ ਵੱਲੋਂ ਟਾਰਚ ਮਾਰ ਕੇ ਕਾਰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਚਾਲਕ ਨੇ ਕਾਰ ਭਜਾ ਲਈ ਜਿਸ’ਤੇ ਦੂਸਰੀ ਪੁਲਸ ਪਾਰਟੀ ਦੀ ਅਗਵਾਈ ਕਰਦਿਆਂ ਇੰਸਪੈਕਟਰ ਹਰਬੰਸ ਸਿੰਘ ਨੇ ਪੁਲਸ ਕਰਮਚਾਰੀਆਂ ਸਮੇਤ ਕਾਹਲੀ ਨਾਲ ਕਾਰ ਨੂੰ ਰੋਕਣ ਲਈ ਆਪਣੀ ਸਰਕਾਰੀ ਗੱਡੀ ਸੜਕ ਦੇ ਵਿੱਚਕਾਰ ਕਰ ਦਿੱਤੀ। ਕਾਰ ਚਾਲਕ ਨੇ ਜਦ ਤੇਜੀ ਨਾਲ ਕੱਟ ਮਾਰਿਆ ਤਾਂ ਕਾਰ ਸੜਕ ਤੋਂ ਹੇਠਾਂ ਵੱਲ ਜਾਕੇ ਕਿੱਕਰ ਨਾਲ ਟਕਰਾ ਕੇ ਬੰਦ ਹੋ ਗਈ।

ਇਸਤੋਂ ਬਾਅਦ ਕਾਰ ਸਵਾਰਾਂ ਨੇ ਪੁਲਸ ਪਾਰਟੀ ’ਤੇ 2-2 ਫ਼ਾਇਰ ਕੀਤੇ ਜਿਸਦੇ ਜਵਾਬ ਵਿੱਚ ਸਿਪਾਹੀ ਰਾਜਇੰਦਰ ਸਿੰਘ ਨੇ ਆਪਣੀ ਸਰਕਾਰੀ ਰਾਈਫ਼ਲ ਨਾਲ 2 ਅਤੇ ਸੀ-2 ਬਲਕਰਨ ਸਿੰਘ ਨੇ 2 ਹਵਾਈ ਫ਼ਾਇਰ ਕੀਤੇ ਤਾਂ ਕਾਰ ਵਿੱਚੋਂ ਨਿੱਕਲ ਕੇ ਭੱਜਣ ਲੱਗਿਆ, ਪੁਲਸ ਪਾਰਟੀਆਂ ਵੱਲੋਂ ਚਾਰੇ ਮੁਲਜ਼ਮਾਂ ਜਿੰਨ੍ਹਾ ਦੀ ਪਹਿਚਾਣ ਬਾਅਦ ਵਿੱਚ ਗੈਂਗਸਟਰ ਕੁਲਦੀਪ ਸਿੰਘ ਉਰਫ਼ ਕੀਪਾ ਪੁੱਤਰ ਇਕੱਤਰ ਸਿੰਘ ਵਾਸੀ ਮਾਣੂੰਕੇ ਜ਼ਿਲ੍ਹਾ ਮੋਗਾ, ਸੇਵਕ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਲਹਿਰੀ (ਬਠਿੰਡਾ), ਸੁਖਚੈਨ ਸਿੰਘ ਉਰਫ਼ ਭੁਜੀਆ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮੱਤਾ (ਮਾਨਸਾ) ਅਤੇ ਸੁਖਮੰਦਰ ਸਿੰਘ ਉਰਫ਼ ਕਾਲਾ ਪੁੱਤਰ ਲੀਲਾ ਸਿੰਘ ਵਾਸੀ ਪਿੰਡ ਜੋਧਪੁਰ (ਬਠਿੰਡਾ) ਵਜੋਂ ਕਰਕੇ ਇਹਨਾਂ ਪਾਸੋਂ 1 ਕਿੱਲੋ ਹੈਰੋਇਨ ਜਿਸਦੀ ਅੰਤਰਰਾਸ਼ਟਰੀ ਬਜਾਰ ਵਿੱਚ ਕੀਮਤ 5 ਕਰੋੜ ਰੁਪਏ ਦੇ ਕਰੀਬ ਹੈ ਤੋਂ ਇਲਾਵਾ 4 ਪਿਸਟਲ 32 ਬੋਰ, 7 ਰੌਂਦ 32 ਬੋਰ, 2 ਖੋਲ 32 ਬੋਰ, 3 ਟੱਚ ਮੋਬਾਇਲ ਸਮੇਤ ਸਿੰਮ, 1 ਡੌਂਗਲ ਜੀਓ ਅਤੇ ਗੱਡੀ ਨੰਬਰ ਪੀ.ਬੀ-04ਐੱਮ-3838 ਸਮੇਤ ਗਿ੍ਰਫ਼ਤਾਰ ਕਰ ਲਿਆ ਗਿਆ। ਇਸ ਮੌਕੇ ਐੱਸ.ਪੀ. ਬਾਲ ਕਿ੍ਰਸ਼ਨ ਸਿੰਗਲਾ (ਡੀ), ਲਖਵੀਰ ਸਿੰਘ ਸੰਧੂ ਡੀ.ਐੱਸ.ਪੀ (ਡੀ) ਅਤੇ ਹੋਰ ਪੁਲਸ ਅਧਿਕਾਰੀ ਵੀ ਹਾਜ਼ਰ ਸਨ।

ਉੱਚ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢ੍ਹਲੀ ਪੁੱਛ-ਗਿੱਛ ਦੌਰਾਨ ਇਹਨਾਂ ਮੰਨਿਆਂ ਕਿ ਇਹਨਾਂ ਦੇ ਨਾਮੀ ਗੈਂਗਸਟਰ ਅਤੇ ਨਾਭਾ ਜੇਲ ਬਰੇਕ ਕਾਂਡ ਦੇ ਮੁੱਖ ਸਰਗਨੇ ਗੁਰਪ੍ਰੀਤ ਸਿੰਘ ਸੇਖੋਂ ਵਾਸੀ ਮੁੱਦਕੀ ਜੋ ਅੱਜ ਕੱਲ੍ਹ ਬਠਿੰਡਾ ਜੇਲ ਵਿੱਚ ਬੰਦ ਹੈ ਨਾਲ ਸਬੰਧ ਹਨ ਅਤੇ ਇਹ ਉਸਦੇ ਦਿਸ਼ਾ ਨਿਰਦੇਸ਼ ਅਨੁਸਾਰ ਲੁੱਟਾਂ ਖੋਹਾਂ ਅਤੇ ਫ਼ਿਰੌਤੀਆਂ ਮੰਗਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਸਨ। ਉਹਨਾਂ ਦੱਸਿਆ ਕਿ ਇਹਨਾਂ ਮੰਨਿਆਂ ਕਿ ਪਹਿਲਾਂ ਇਹ ਨਸ਼ੇ ਦੀ ਖੇਪ ਦਾ ਸੌਦਾ ਕਰ ਲੈਂਦੇ ਸਨ ਅਤੇ ਫਿਰ ਹਥਿਆਰਾਂ ਦੀ ਨੋਕ ’ਤੇ ਨਸ਼ਾ ਖੋਹ ਕੇ ਅੱਗੇ ਵੇਚ ਦਿੰਦੇ ਸਨ। ਉਹਨਾਂ ਦੱਸਿਆ ਕਿ ਇਹਨਾਂ ਮੁਲਜ਼ਮਾਂ ਨੇ ਮੰਨਿਆਂ ਕਿ ਇਹਨਾਂ ਪਟਵਾਰੀ ਵਾਸੀ ਲੁਧਿਆਣਾ ਜੋ ਜੋਕਿ ਫ਼ਿਰੋਜ਼ਪਰ ਜੇਲ ਵਿੱਚ ਬੰਦ ਹੈ ਦੇ ਸੰਪਰਕ ਵਾਲੇ ਬੰਦਿਆਂ ਕੋਲੋਂ ਹੈਰੋਇਨ ਦੀ ਖੇਪ ਖੋਹੀ ਸੀ।

ਇਸਤੋਂ ਇਲਾਵਾ ਇਹ ਮੁਲਜ਼ਮ ਜ਼ਮੀਨਾਂ ਅਤੇ ਰਹਾਇਸ਼ੀ ਕੋਠੀਆਂ ਦੇ ਝਗੜਿਆਂ ਵਿੱਚ ਵੀ ਦਖਲਅੰਦਾਜ਼ੀ ਕਰਦੇ ਆ ਰਹੇ ਸਨ ਅਤੇ ਇਹ ਚਾਰੇ ਮਾਲਵਾ ਖੇਤਰ ਦੇ ਇੱਕ ਉੱਘੇ ਰਾਜਨੀਤਕ ਲੀਡਰ ਜਿਸਦਾ ਆਪਣੇ ਕਿਸੇ ਰਿਸ਼ਤੇਦਾਰ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਦੀ ਮੱਦਦ ਕਰਨ ਲਈ ਉਸੇ ਕੋਲ ਰਹਿ ਰਹੇ ਸਨ ਅਤੇ ਰਾਜਨੀਤਕ ਲੀਡਰ ਇਹਨਾਂ ਨੂੰ ਮਾਲੀ ਸਹਾਇਤਾ ਅਤੇ ਅਸਲਾ ਮੁਹੱਈਆ ਕਰਵਾਉਂਦਾ ਸੀ ਅਤੇ ਇਹ ਗੈਂਗਸਟਰ ਕੁਲਦੀਪ ਸਿੰਘ ਉਰਫ਼ ਕੀਪਾ ਦੀ ਅਗਵਾਈ ਹੇਠ ਸਰਗਰਮ ਸਨ। ਉਹਨਾਂ ਦੱਸਿਆ ਕਿ ਇਹਨਾਂ ਵਿੱਚੋਂ ਕੁਲਦੀਪ ਸਿੰਘ ਉਰਫ਼ ਕੀਪਾ ਨੇ ਸਾਲ 2014 ਵਿੱਚ ਸਰਪੰਚ ਬੇਅੰਤ ਸਿੰਘ ਵਾਸੀ ਮਾਣੂੰਕੇ ਗਿੱਲ ਨਾਲ ਰਲ ਕੇ ਗਿਆਨ ਸਿੰਘ ਵਾਸੀ ਰਾਜੇਆਣਾ ਦਾ ਇਸ ਲਈ ਕਤਲ ਕਰ ਦਿੱਤਾ ਸੀ, ਕਿਉਂਕਿ ਗਿਆਨ ਸਿੰਘ ਬੇਅੰਤ ਸਿੰਘ ਦੀ ਪਿੰਡ ਵਿੱਚ ਵਿਰੋਧਤਾ ਕਰਦਾ ਸੀ।

ਕਤਲ ਦੀ ਇਸ ਘਟਨਾਂ ਤੋਂ ਬਾਅਦ ਇਹ ਦੋਨੋਂ ਜੇਲ ਚਲੇ ਗਏ ਅਤੇ ਕੁਝ ਸਮਾਂ ਪਹਿਲਾਂ ਇਹ ਦੋਨੋਂ ਜ਼ਮਾਨਤ ’ਤੇ ਬਾਹਰ ਆ ਗਏ ਅਤੇ ਇਸ ਉਪ੍ਰੰਤ ਬੇਅੰਤ ਸਿੰਘ ਅਤੇ ਕੀਪੇ ਦਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਰੌਲਾ ਪੈ ਗਿਆ ਜਿਸ’ਤੇ ਕੀਪੇ ਨੇ ਆਪਣੇ ਸਾਥੀ ਰਾਜਿੰਦਰ ਗੋਗਾ ਨਾਲ ਮਿਲ ਕੇ ਬੇਅੰਤ ਸਿੰਘ ਦਾ ਵੀ ਕਤਲ ਕਰ ਦਿੱਤਾ ਅਤੇ ਇਹ ਫਿਰ ਅੰਦਰ ਚਲਾ ਗਿਆ ਅਤੇ ਇਸਦੇ ਬੰਬੀਹਾ ਗਰੁੱਪ ਨਾਲ ਸਬੰਧ ਬਣ ਗਏ। ਉੱਚ ਪੁਲਸ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਕੁਝ ਸਮੇਂ ਬਾਅਦ ਸੁਖਪ੍ਰੀਤ ਸਿੰਘ ਉਰਫ਼ ਬੁੱਢੇ ਨੇ ਰਾਜਿੰਦਰ ਗੋਗਾ ਦਾ ਕਤਲ ਕਰ ਦਿੱਤਾ ਜਿਸ ਕਾਰਣ ਕੀਪੇ ਦਾ ਸੁਖਪ੍ਰੀਤ ਸਿੰਘ ਉਰਫ਼ ਬੁੱਢੇ ਨਾਲ ਵਿਗਾੜ ਪੈ ਗਿਆ ਅਤੇ ਕੀਪਾ ਬਠਿੰਡਾ ਜੇਲ ਵਿੱਚ ਬੰਦ ਨਾਮੀ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਜੋ ਨਾਭਾ ਜੇਲ ਬਰੇਕ ਕਾਂਡ ਦਾ ਮੁੱਖ ਸਰਗਨਾ ਹੈ ਦੀ ਸ਼ਰਨ ਵਿੱਚ ਚਲਾ ਗਿਆ।

ਉੱਚ ਪੁਲਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਇਹ ਗੈਂਗਸਟਰ ਕਿਸ ਕਿਸ ਦੇ ਸੰਪਰਕ ਵਿੱਚ ਹਨ ਅਤੇ ਇਹਨਾਂ ਦਾ ਪੂਰਾ ਨੈੱਟ ਵਰਕ ਕੀ ਹੈ ਇਸਦਾ ਬਰੀਕੀ ਨਾਲ ਪਤਾ ਲਗਾਇਆ ਜਾ ਰਿਹਾ ਹੈ ਅਤੇ ਇਸ ਕੜੀ ਨਾਲ ਜੁੜੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉੱਚ ਪੁਲਸ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਇਸ ਗੈਂਗ ਦੇ ਕੁਲਦੀਪ ਸਿੰਘ ਉਰਫ਼ ਕੀਪਾ ਖਿਲਾਫ਼ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿੱਚ 6 ਮੁਕੱਦਮੇਂ, ਸੇਵਕ ਸਿੰਘ ਖਿਲਾਫ਼ 15 ਮੁਕੱਦਮੇਂ, ਸੁਖਚੈਨ ਸਿੰਘ ਉਰਫ਼ ਭੁਜੀਆ ਖਿਲਾਫ਼ 2 ਮੁਕੱਦਮੇਂ ਅਤੇ ਸੁਖਮੰਦਰ ਸਿੰਘ ਉਰਫ਼ ਕਾਲਾ ਖਿਲਾਫ਼ 3 ਮੁਕੱਦਮੇਂ ਦਰਜ ਹਨ। ਉਹਨਾਂ ਦੱਸਿਆ ਕਿ ਚਾਰੇ ਗੈਂਗਸਟਰਾਂ ਖਿਲਾਫ਼ ਸਥਾਨਕ ਥਾਣਾ ਸਦਰ ਵਿਖੇ ਢੁੱਕਵੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਇਹਨਾਂ ਦਾ ਪੁਲਸ ਰੀਮਾਂਡ ਲੈਣ ਲਈ ਕਾਰਵਾਈ ਜਾਰੀ ਹੈ ਤਾਂ ਜੋ ਇਹਨਾਂ ਵੱਲੋਂ ਅੰਜਾਮ ਦਿੱਤੀਆਂ ਹੋਰ ਵਾਰਦਾਤਾਂ ਅਤੇ ਇਹਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਹਰ ਮਾੜੇ ਅੰਨਸਰ ਨੂੰ ਪੁਲਸ ਹਿਰਾਸਤ ਵਿੱਚ ਲਿਆ ਜਾ ਸਕੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਉਣ ਦੀ ਵਕਾਲਤ

ਚੀਫ ਖਾਲਸਾ ਦੀਵਾਨ ਨੂੰ ਮਿਲਿਆ ਨਵਾਂ ਪ੍ਰਧਾਨ, ਪੜ੍ਹੋ ਕਿਸ ਨੂੰ ਮਿਲੀ ਪ੍ਰਧਾਨਗੀ ?