ਪਟਿਆਲਾ 9 ਸਤੰਬਰ 2023: ਪਟਿਆਲਾ ਪੁਲਿਸ ਨੇ ਗੈਂਗਵਾਰ ’ਚ ਸ਼ਾਮਲ ਅਤੇ ਇਰਾਦਾ ਕਤਲ ਦੇ ਮਾਮਲੇ ਵਿਚ ਲੋੜੀਂਦੇ ਇਕ ਗੈਂਗ ਗਿਰੋਹ ਦੇ ਚਾਰ ਮੈਂਬਰਾਂ ਨੂੰ ਸੀਆਈਆਏ ਸਟਾਫ ਦੀਆਂ ਟੀਮਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਰਾਜਵਿੰਦਰ ਸਿੰਘ ਉਰਫ ਰਾਜਾ ਬੋਕਸਰ ਵਾਸੀ ਏਕਤਾ ਨਗਰ ਪਟਿਆਲਾ, ਯਸ਼ ਸ਼ਰਮਾ ਉਰਫ ਭੋਲਾ ਵਾਸੀ ਸ਼ਹੀਦ ਉਧਮ ਸਿੰਘ ਨਗਰ ਪਟਿਆਲਾ, ਹਰਿੰਦਰਜੀਤ ਸਿੰਘ ਵਾਸੀ ਨਿਊ ਸੈਚਰੀਇਨਕਲੈਵ ਪਟਿਆਲਾ ਅਤੇ ਲੱਕੀ ਸ਼ਰਮਾ ਵਾਸੀ ਪ੍ਰਤਾਨ ਨਗਰ ਪਟਿਆਲਾ ਨੂੰ ਕਾਰ ਵਿਚ ਜਾਂਦਿਆਂ ਗ੍ਰਿਫਤਾਰ ਕੀਤਾ ਹੈ । ਪੁਲਿਸ ਨੇ ਮੁਲਜਮਾਂ ਕੋਲੋਂ 2 ਪਿਸਤੋਲ 315 ਬੋਰ ਸਮੇਤ 4 ਰੋਂਦ ਅਤੇ 2 ਕਿਰਚਾ ਆਦਿ ਬਰਾਮਦ ਕੀਤੇ ਗਏ ਹਨ।
ਐਸ.ਐਸ.ਪੀ ਵਰੁਣ ਸ਼ਰਮਾ ਆਈਪੀਐਸ ਨੇ ਦੱਸਿਆ ਕਿ 10 ਅਗਸਤ ਨੂੰ ਮਨਿੰੰਦਰ ਸਿੰਘ ਮਾਨ ਵਾਸੀ ਜਨਤਾ ਕਲੋਨੀ ਸਿੱਧੂਵਾਲ ਆਪਣੀ ਦੋਸਤ ਲੜਕੀ ਨਾਲ ਮੋਟਰਸਾਇਕਲ ’ਤੇ ਪਿੰਡ ਸ਼ੇਖਪੁਰਾ ਤੋ ਸਾਮ ਵਕਤ 8 ਵਜੇ ਵਾਪਸ ਆ ਰਿਹਾ ਸੀ। ਫੋਕਲ ਪੁਆਇੰਟ ਦੀ ਲਾਇਟ ਕੋਲ ਮਨਿੰਦਰ ’ਤੇ ਜਾਨਲੇਵਾ ਹਮਲਾ ਕੀਤਾ ਗਿਆ। ਮਨਿੰਦਰ ਸਿੰਘ ਮਾਨ ਦਾ ਵੀ ਅਪਰਾਧਿਕ ਪਿਛੋਕੜ ਹੈ, ਜਿਸ ਦੇ ਖਿਲਾਫ ਵੀ ਕਤਲ ਅਤੇ ਹੋਰ ਜੁਰਮਾ ਤਹਿਤ 7 ਮੁਕੱਦਮੇ ਦਰਜ ਹਨ। ਜਿਸ ਕਰਕੇ ਇਸ ਦੀ ਰਾਜਵਿੰਦਰ ਸਿੰਘ ਉਰਫ ਰਾਜਾ ਬੋਕਸਰ ਨਾਲ ਪਿਛਲੇ ਕਾਫੀ ਸਮੇਂ ਰੰਜਸ ਚਲਦੀ ਆ ਰਹੀ ਹੈ। ਰਾਜਵਿੰਦਰ ਸਿੰਘ ਉਰਫ ਰਾਜਾ ਬੋਕਸਰ ਅਤੇ ਇਸ ਦੇ ਸਾਥੀਆਂ ਖਿਲਾਫ ਵੀ ਪਹਿਲਾਂ ਇਰਾਦਾ ਕਤਲ ਅਤੇ ਹੋਰ ਜੁਰਮਾ ਦੇ ਮੁਕੱਦਮੇ ਦਰਜ ਹਨ।
ਇਸ ਤੋਂ ਇਲਾਵਾ ਰਾਜਾ ਬੋਕਸਰ ਨੇ ਆਪਣੇ ਸਾਥੀਆਂ ਨਾਲ ਮਿਲਕੇ 27 ਜੁਲਾਈ ਨੂੰ ਮਨਿੰਦਰ ਮਾਨ ਦੇ ਦੋਸਤ ਜਸਪ੍ਰੀਤ ਸਿੰਘ ’ਤੇ ਵੀ ਹਮਲਾ ਕੀਤਾ ਸੀ। ਤਫਤੀਸ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰਾਜਾ ਬੋਕਸਰ ਆਪਣੇ ਸਾਥੀਆਂ ਨਾਲ ਮਿਲਕੇ ਦੋਵੇਂ ਗਰੁੱਪਾਂ ਵਿੱਚ ਚੱਲ ਰਹੇ ਝਗੜੇ ਨੂੰ ਲੈਕੇ ਪਟਿਆਲਾ ਵਿੱਚ ਹੀ ਇਕ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸੀ ਜਿੰਨ੍ਹਾ ਨੂੰ ਸੀ.ਆਈ.ਏ ਪਟਿਆਲਾ ਦੀ ਦੋ ਵੱਖ ਵੱਖ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਐਸ.ਐਸ.ਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇੰਨ੍ਹਾ ਦਾ ਪੁਲਿਸ ਰਿਮਾਡ ਹਾਸਲ ਕਰਕੇ ਬਰਾਮਦ ਹੋਏ ਅਸਲੇ ਅਤੇ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।