ਲੁਧਿਆਣਾ, 11 ਸਤੰਬਰ 2022 – ਲੁਧਿਆਣਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਚਾਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਪੁਲੀਸ ਨੇ ਨਸ਼ੀਲੀਆਂ ਗੋਲੀਆਂ ਅਤੇ ਅਫੀਮ ਬਰਾਮਦ ਕੀਤੀ ਹੈ। ਮੁਲਜ਼ਮਾਂ ਕੋਲੋਂ 37,600 ਨਸ਼ੀਲੀਆਂ ਗੋਲੀਆਂ ਅਤੇ 1.50 ਕਿਲੋ ਅਫੀਮ ਬਰਾਮਦ ਹੋਈ ਹੈ।
ਪਹਿਲੇ ਮਾਮਲੇ ਵਿੱਚ ਸੀਆਈਏ-2 ਨੇ ਬਿਹਾਰ ਦੇ ਕਿਸ਼ਨਗੰਜ ਦੇ ਰਹਿਣ ਵਾਲੇ ਟਿੱਬਾ ਰੋਡ ਦੇ ਤੋਸੀਫ਼ ਆਲਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਡੀਸੀਪੀ ਵਰਿੰਦਰ ਸਿੰਘ ਬਰਾੜ, ਏਡੀਸੀਪੀ ਰੁਪਿੰਦਰ ਕੌਰ ਸਰਾਂ ਅਤੇ ਐਸਐਚਓ ਬੇਅੰਤ ਜੁਨੇਜਾ ਨੇ ਦੱਸਿਆ ਕਿ ਮੁਲਜ਼ਮ ਤੋਸੀਫ਼ ਨੂੰ ਗੀਤਾ ਨਗਰ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁਲਜ਼ਮ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ। ਪੁਲੀਸ ਨੇ ਉਸ ਨੂੰ ਰੋਕ ਕੇ ਚੈਕਿੰਗ ਲਈ ਅਲਪਰਾਜ਼ੋਲਮ ਅਤੇ ਟਰਾਮਾਡੋਲ ਸਮੇਤ ਕੁੱਲ 37,600 ਗੋਲੀਆਂ ਬਰਾਮਦ ਕੀਤੀਆਂ।
ਡੀਸੀਪੀ ਬਰਾੜ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਤੋਸੀਫ਼ ਨੇ ਖੁਲਾਸਾ ਕੀਤਾ ਕਿ ਉਹ ਗੋਪਾਲ ਨਗਰ ਟਿੱਬਾ ਰੋਡ ਦੇ ਕੁਲਦੀਪ ਸਿੰਘ ਨਾਮਕ ਵਿਅਕਤੀ ਅਤੇ ਆਪਣੇ ਭਤੀਜੇ ਪ੍ਰਿੰਸ ਤੋਂ ਗੋਲੀਆਂ ਖਰੀਦਦਾ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਕੁਲਦੀਪ ਅਤੇ ਪ੍ਰਿੰਸ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਪਤਾ ਲੱਗਾ ਹੈ ਕਿ ਕੁਲਦੀਪ ਨੂੰ ਟਿੱਬਾ ਪੁਲਿਸ ਵੱਲੋਂ 4 ਸਤੰਬਰ ਨੂੰ 1320 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਹ ਇਸ ਸਮੇਂ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਬੰਦ ਹੈ।
ਪੁਲਸ ਉਸ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ‘ਤੇ ਲਿਆਵੇਗੀ, ਜਦਕਿ ਰਾਜਕੁਮਾਰ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਦੂਜੇ ਮਾਮਲੇ ਵਿੱਚ ਐਂਟੀ ਨਾਰਕੋਟਿਕ ਸੈੱਲ 2 ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 1.50 ਕਿਲੋ ਅਫੀਮ ਬਰਾਮਦ ਕੀਤੀ ਹੈ।
ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਵਰਿੰਦਰ ਪਾਸਵਾਨ, ਅਰਵਿੰਦਰ ਕੁਮਾਰ ਅਤੇ ਯੋਗੇਸ਼ ਕੁਮਾਰ ਵਾਸੀ ਢੋਲੇਵਾਲ ਵਜੋਂ ਹੋਈ ਹੈ। ਤਿੰਨੋਂ ਮੁਲਜ਼ਮ ਬਿਹਾਰ ਦੇ ਰਹਿਣ ਵਾਲੇ ਹਨ ਜੋ ਪਿਛਲੇ ਕੁਝ ਸਮੇਂ ਤੋਂ ਢੋਲੇਵਾਲ ਇਲਾਕੇ ਵਿੱਚ ਰਹਿ ਰਹੇ ਹਨ। ਏਡੀਸੀਪੀ ਸਰਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਦੱਸਿਆ ਕਿ ਉਹ ਬੇਰੁਜ਼ਗਾਰ ਹਨ ਅਤੇ ਪੈਸੇ ਲਈ ਨਸ਼ਾ ਤਸਕਰੀ ਦਾ ਧੰਦਾ ਕਰ ਰਹੇ ਹਨ।