ਚੰਡੀਗੜ੍ਹ, 4 ਸਤੰਬਰ 2025: ਇਸ ਵਾਰ ਮੀਂਹ ਨੇ ਹਰ ਪਾਸੇ ਤਬਾਹੀ ਮਚਾ ਦਿੱਤੀ ਹੈ, ਚਾਹੇ ਪਹਾੜੀ ਖੇਤਰ ਹੋਣ ਜਾਂ ਮੈਦਾਨੀ ਜਾਂ ਤੀਰਥ ਸਥਾਨ। ਭਾਰੀ ਬਾਰਿਸ਼ ਕਾਰਨ ਮਣੀਮਹੇਸ਼ ਯਾਤਰਾ ਬੰਦ ਹੋ ਗਈ ਸੀ ਪਰ ਕਈ ਹਜ਼ਾਰਾਂ ਸ਼ਰਧਾਲੂ ਉੱਥੇ ਫਸ ਗਏ। ਸੜਕਾਂ ਬੰਦ ਹੋਣ ਕਾਰਨ ਉਨ੍ਹਾਂ ਲਈ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ, ਜਿਸ ਦੇ ਚਲਦਿਆਂ ਹੁਣ ਦੁਖਦਾਈ ਖ਼ਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਇਸੇ ਦਰਮਿਆਨ ਅਜਿਹੀ ਹੀ ਇਕ ਦੁਖਦਾਈ ਘਟਨਾ ਸਾਹਮਣੇ ਆਈ ਜਦੋਂ ਹਿਮਾਚਲ ਦੇ ਚਾਰ ਲੋਕਾਂ ਦੀਆਂ ਲਾਸ਼ਾਂ ਪਠਾਨਕੋਟ ਸਰਕਾਰੀ ਹਸਪਤਾਲ ਪਹੁੰਚੀਆਂ, ਜੋ ਮਣੀਮਹੇਸ਼ ਯਾਤਰਾ ਲਈ ਗਏ ਸਨ। ਭਾਰੀ ਬਾਰਿਸ਼, ਜ਼ਮੀਨ ਖਿਸਕਣ ਅਤੇ ਆਕਸੀਜਨ ਦੀ ਘਾਟ ਕਾਰਨ ਕੁਝ ਲੋਕਾਂ ਦੀ ਜਾਨ ਚਲੀ ਗਈ ਹੈ। ਹੁਣ ਹਿਮਾਚਲ ਸਰਕਾਰ ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਕਾਰਨ ਚਾਰ ਲੋਕਾਂ ਦੀਆਂ ਲਾਸ਼ਾਂ ਪਠਾਨਕੋਟ ਪਹੁੰਚ ਗਈਆਂ ਹਨ, ਜਿਨ੍ਹਾਂ ਵਿੱਚੋਂ ਇੱਕ ਸ਼ਰਧਾਲੂ ਪਠਾਨਕੋਟ ਦਾ, ਇੱਕ ਗੁਰਦਾਸਪੁਰ ਦਾ, ਇੱਕ ਹੁਸ਼ਿਆਰਪੁਰ ਦਾ ਅਤੇ ਇੱਕ ਸੰਗਰੂਰ ਦਾ ਹੈ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਆਪਣੀਆਂ ਜੀਆਂ ਦੀਆਂ ਲਾਸ਼ਾਂ ਲੈਣ ਲਈ ਪਠਾਨਕੋਟ ਸਰਕਾਰੀ ਹਸਪਤਾਲ ਪਹੁੰਚੇ।
ਇਸ ਬਾਰੇ ਗੱਲ ਕਰਦਿਆਂ ਪੀੜਤਾਂ ਨੇ ਦੱਸਿਆ ਕਿ ਇਹ ਲੋਕ ਮਣੀਮਹੇਸ਼ ਦੀ ਯਾਤਰਾ ‘ਤੇ ਗਏ ਸਨ, ਹੁਣ ਸਿਰਫ਼ ਇਨ੍ਹਾਂ ਲੋਕਾਂ ਦੀਆਂ ਲਾਸ਼ਾਂ ਹੀ ਵਾਪਸ ਆਈਆਂ ਹਨ। ਇਹ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਸੰਗਰੂਰ ਦੇ ਵਸਨੀਕ ਹਨ, ਹੁਣ ਇਨ੍ਹਾਂ ਦੇ ਪਰਿਵਾਰਕ ਮੈਂਬਰ ਪਹੁੰਚ ਗਏ ਹਨ ਅਤੇ ਪ੍ਰਸ਼ਾਸਨ ਵੱਲੋਂ ਲਾਸ਼ਾਂ ਉਨ੍ਹਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

