ਚੰਡੀਗੜ੍ਹ, 6 ਮਈ 2022 – ਹਰਿਆਣਾ, ਪੰਜਾਬ, ਤੇਲੰਗਾਨਾ, ਮਹਾਰਾਸ਼ਟਰ ਦੀਆਂ ਏਜੰਸੀਆਂ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਫੜੇ ਗਏ 4 ਖਾਲਿਸਤਾਨੀ ਅੱਤਵਾਦੀਆਂ ਤੋਂ ਪੁੱਛਗਿੱਛ ਕਰਨ ਵਿੱਚ ਜੁਟੀਆਂ ਹੋਈਆਂ ਹਨ। ਇਹਨਾਂ ਸਾਰਿਆਂ ਨੂੰ ਗੁਰਪ੍ਰੀਤ ਸਿੰਘ ਨੇ ਇਕੱਠਾ ਕੀਤਾ ਹੈ, ਜਿਸ ‘ਤੇ 6 ਕੇਸ ਦਰਜ ਹਨ ਅਤੇ ਪਰਿਵਾਰ ਨੇ ਉਸ ਨੂੰ 10 ਸਾਲਾਂ ਲਈ ਘਰੋਂ ਕੱਢ ਦਿੱਤਾ ਹੈ। ਗੁਰਪ੍ਰੀਤ ਦਾ ਛੋਟਾ ਭਰਾ ਅਮਨਦੀਪ ਟੈਕਸੀ ਡਰਾਈਵਰ ਹੈ, ਜੋ ਕੇ ਆਪਣੇ ਪਰਿਵਾਰ ਨੂੰ ਦੱਸੇ ਬਿਨਾ ਗੁਰਪ੍ਰੀਤ ਸਿੰਘ ਨਾਲ ਤੋਂ ਲੁਕ ਕੇ ਕੰਮ ਕਰ ਰਿਹਾ ਸੀ।
ਗੁਰਪ੍ਰੀਤ ਨੇ ਪਰਮਿੰਦਰ ਨੂੰ ਨਾਲ ਲੈ ਲਿਆ। 12ਵੀਂ ਪਾਸ ਕਰਨ ਮਗਰੋਂ ਫੈਕਟਰੀ ਵਿੱਚ ਕੰਮ ਕਰਨ ਵਾਲੇ ਭੁਪਿੰਦਰ ਨੂੰ ਵੀ ਆਪਣੇ ਨਾਲ ਸ਼ਾਮਲ ਕਰ ਲਿਆ ਗਿਆ। ਇਨ੍ਹਾਂ ਚਾਰਾਂ ਨੇ ਮਿਲ ਕੇ 3 ਵਾਰ ਹਥਿਆਰਾਂ ਦੀ ਸਪਲਾਈ ਦੇ ਚੱਕਰ ਲਾਏ ਹਨ। ਇੱਕ ਦੌਰ ਵਿੱਚ 5 ਤੋਂ 7 ਲੱਖ ਰੁਪਏ ਮਿਲਦੇ ਹਨ। ਜਿਸ ਇਨੋਵਾ ਗੱਡੀ ਨੂੰ ਕਰਨਾਲ ਫੜਿਆ ਗਿਆ ਸੀ, ਉਹ ਟੈਕਸੀ ਡਰਾਈਵਰ ਗੁਰਪ੍ਰੀਤ ਦਾ ਭਰਾ ਅਮਨਦੀਪ ਲੈ ਕੇ ਆਇਆ ਸੀ।
ਗੁਰਪ੍ਰੀਤ ਸਿੰਘ ਪਿੰਡ ਵਿੰਜੋ ਜ਼ਿਲ੍ਹਾ ਫਿਰੋਜ਼ਪੁਰ (ਪੰਜਾਬ) ਦਾ ਵਸਨੀਕ ਹੈ। ਗੁਰਪ੍ਰੀਤ ਸਿੰਘ ਨੂੰ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੇ ਘਰੋਂ ਕੱਢ ਦਿੱਤਾ ਸੀ। ਇਸ ਤੋਂ ਬਾਅਦ ਕਰੀਬ 10 ਸਾਲ ਪਹਿਲਾਂ ਉਹ ਪਿੰਡ ਛੱਡ ਕੇ ਲੁਧਿਆਣਾ ਰਹਿਣ ਲੱਗ ਪਿਆ। ਗੁਰਪ੍ਰੀਤ ਦੇ ਖ਼ਿਲਾਫ਼ ਚੋਰੀ, ਡਕੈਤੀ ਆਦਿ ਦੇ 6 ਮੁਕੱਦਮੇ ਦਰਜ ਹਨ ਅਤੇ ਉਹ ਪੁਲਿਸ ਦਾ ਭਗੌੜਾ ਅਪਰਾਧੀ ਹੈ। ਗੁਰਪ੍ਰੀਤ ਦੀ ਇਮੇਜ ਕਾਰਨ ਲੋਕ ਉਸ ਨੂੰ ਬਦਮਾਸ਼ ਵਜੋਂ ਜਾਣਦੇ ਹਨ। ਗੁਰਪ੍ਰੀਤ ਸਿੰਘ ਦੇ ਖਾਲਿਸਤਾਨੀ ਵਿਚਾਰਧਾਰਾ ਵਾਲੇ ਲੋਕਾਂ ਨਾਲ ਵੀ ਸੰਪਰਕ ਰਹੇ ਹਨ।
28 ਸਾਲਾ ਅਮਨਦੀਪ ਵੀ ਪਿੰਡ ਵਿੰਝੋ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਦਾ ਰਹਿਣ ਵਾਲਾ ਹੈ। ਉਹ ਗੁਰਪ੍ਰੀਤ ਦਾ ਛੋਟਾ ਭਰਾ ਹੈ। ਅਮਨਦੀਪ ਟੈਕਸੀ ਚਲਾ ਕੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ। ਅਮਨਦੀਪ ਸਿੰਘ ਦੀ ਪਤਨੀ ਨਵਪ੍ਰੀਤ ਕੌਰ ਇੱਕ ਨਿੱਜੀ ਹਸਪਤਾਲ ਵਿੱਚ ਨੌਕਰੀ ਕਰਕੇ ਪਰਿਵਾਰ ਦੀ ਆਰਥਿਕ ਮਦਦ ਕਰ ਰਹੀ ਹੈ। ਅਮਨਦੀਪ ਦੋ ਦਿਨ ਪਹਿਲਾਂ ਹੀ ਪਿੰਡ ਆਇਆ ਸੀ। ਆਪਣੇ ਭਰਾ ਦੇ ਕਹਿਣ ‘ਤੇ ਪੈਸੇ ਦੇ ਲਾਲਚ ‘ਚ ਟੈਕਸੀ ਚਲਾ ਰਿਹਾ ਅਮਨਦੀਪ ਅਪਰਾਧ ਦੀ ਦੁਨੀਆ ‘ਚ ਆ ਗਿਆ ਸੀ। ਉਸ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਹੈ ਪਰ ਅਮਨਦੀਪ ਦਿੱਲੀ ਨੰਬਰ ਦੀ ਇਨੋਵਾ ਗੱਡੀ ਲੈ ਕੇ ਆਇਆ ਸੀ।
ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮੱਖੂ ਦਾ ਰਹਿਣ ਵਾਲਾ 35 ਸਾਲਾ ਪਰਮਿੰਦਰ ਸਿੰਘ ਖਰਾਦ ਦਾ ਕੰਮ ਕਰਦਾ ਸੀ। ਕਰੀਬ ਇੱਕ ਸਾਲ ਪਹਿਲਾਂ ਪਰਮਿੰਦਰ ਦਾ ਪੂਰਾ ਪਰਿਵਾਰ ਮੱਖੂ ਤੋਂ ਲੁਧਿਆਣਾ ਸ਼ਿਫਟ ਹੋ ਗਿਆ ਸੀ। ਲੁਧਿਆਣਾ ਜਾ ਕੇ ਉਹ ਅਪਰਾਧੀਆਂ ਦੇ ਸੰਪਰਕ ਵਿੱਚ ਆ ਗਿਆ। ਚੰਗੇ ਕੰਮ ਦੀ ਲਾਲਸਾ ਵਿਚ ਉਹ ਆਪਣੇ ਪਰਿਵਾਰ ਸਮੇਤ ਲੁਧਿਆਣਾ ਸ਼ਿਫਟ ਹੋ ਗਿਆ, ਪਰ ਦੋਸ਼ੀ ਬਣ ਗਿਆ। ਪਰਮਿੰਦਰ ਸਿੰਘ ਖਿਲਾਫ ਤਿੰਨ ਅਪਰਾਧਿਕ ਮਾਮਲੇ ਦਰਜ ਹਨ।
ਭੁਪਿੰਦਰ ਸਿੰਘ ਅਮਲਤਾਸ ਕਲੋਨੀ, ਲੁਧਿਆਣਾ ਦਾ ਰਹਿਣ ਵਾਲਾ ਹੈ। 12ਵੀਂ ਤੋਂ ਬਾਅਦ ਭੁਪਿੰਦਰ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ। ਮੰਗਲਵਾਰ ਨੂੰ ਭੁਪਿੰਦਰ ਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਉਹ ਦੋਸਤਾਂ ਨਾਲ ਹਜ਼ੂਰ ਸਾਹਿਬ ਮੱਥਾ ਟੇਕਣ ਜਾ ਰਿਹਾ ਹੈ। ਉਹ ਬੁੱਧਵਾਰ ਸਵੇਰੇ 6 ਵਜੇ ਘਰੋਂ ਨਿਕਲਿਆ ਸੀ। ਭੁਪਿੰਦਰ ਦੇ ਪਿਤਾ ਪੀਐਸਪੀਸੀਐਲ ਅਧਿਕਾਰੀ ਦੀ ਗੱਡੀ ਚਲਾਉਂਦੇ ਹਨ। ਪਰਿਵਾਰ ਵਿੱਚ ਇੱਕ ਮਾਂ ਅਤੇ ਇੱਕ ਛੋਟੀ ਭੈਣ ਹੈ।
ਦੱਸ ਦੇਈਏ ਕਿ ਫਿਲਹਾਲ ਉਪਰੋਕਤ ਚਾਰੇ ਅੱਤਵਾਦੀ ਪੁਲਿਸ ਰਿਮਾਂਡ ‘ਤੇ ਹਨ। ਚਾਰਾਂ ਨੂੰ ਵੀਰਵਾਰ ਸਵੇਰੇ ਕਰਨਾਲ ਪੁਲਿਸ ਨੇ ਬਸਤਾਰਾ ਟੋਲ ਨੇੜੇ ਨੈਸ਼ਨਲ ਹਾਈਵੇ ਤੋਂ ਗ੍ਰਿਫਤਾਰ ਕੀਤਾ। ਚਾਰੋਂ ਖਾਲਿਸਤਾਨੀ ਅੱਤਵਾਦੀ ਹਨ ਅਤੇ ਇੱਕ ਇਨੋਵਾ ਗੱਡੀ ਵਿੱਚ ਹਾਈਵੇਅ ਤੋਂ ਲੰਘ ਰਹੇ ਸਨ। ਇੰਟੈਲੀਜੈਂਸ ਬਿਊਰੋ (ਆਈਬੀ) ਨੇ ਇਸ ਦੀ ਜਾਣਕਾਰੀ ਦਿੱਤੀ ਸੀ।
ਚਾਰੋਂ ਅੱਤਵਾਦੀ ਸੰਗਠਨ ਬੱਬਰ ਖਾਲਸਾ ਨਾਲ ਜੁੜੇ ਹੋਏ ਹਨ। ਸੀਆਈਏ-1 ਪੁਲਿਸ ਨੇ ਚਾਰਾਂ ਅੱਤਵਾਦੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਪੁਲਿਸ ਦੀ ਮੰਗ ‘ਤੇ ਅਦਾਲਤ ਨੇ ਅੱਤਵਾਦੀਆਂ ਨੂੰ 10 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੀ ਅੱਤਵਾਦੀਆਂ ਤੋਂ ਪੁੱਛਗਿੱਛ ਕਰ ਰਹੀਆਂ ਹਨ।
ਚਾਰਾਂ ਅੱਤਵਾਦੀਆਂ ਕੋਲੋਂ ਇਕ ਦੇਸੀ ਪਿਸਤੌਲ, 31 ਕਾਰਤੂਸ, 1.30 ਲੱਖ ਰੁਪਏ ਦੀ ਨਕਦੀ, 3 ਲੋਹੇ ਦੇ ਡੱਬੇ ਬਰਾਮਦ ਹੋਏ ਹਨ। ਟੀਮ ਨੇ ਉਨ੍ਹਾਂ ਦਾ ਐਕਸ-ਰੇਅ ਕਰਵਾਇਆ ਹੈ, ਜਿਸ ‘ਚ ਵਿਸਫੋਟਕ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਚਾਰਾਂ ਦੇ ਪਾਕਿਸਤਾਨ ਨਾਲ ਵੀ ਸਬੰਧ ਹਨ।