ਖਾਲਸਾ ਏਡ ਵਲੋਂ ਦਿੱਤੀ ਮੁਫ਼ਤ ਕੋਚਿੰਗ ਸਦਕਾ ਆਮ ਘਰ ਦੇ ਨੌਜਵਾਨ ਬਣੇ ADO ਅਤੇ ਜੇਲ੍ਹ ਵਾਰਡਨ

  • 57 ਨੌਜਵਾਨਾਂ ਨੇ ਪੰਜਾਬ ਪੁਲਿਸ ਦਾ ਲਿਖਤੀ ਇਮਤਿਹਾਨ ਪਾਸ ਕੀਤਾ
  • ਸਬਰ ਫਾਊਂਡੇਸ਼ਨ ਦੇ ਸਹਿਯੋਗ ਅਤੇ ਲਬਾਸਨਾ ਆਈ-ਏ-ਐੱਸ ਅਕੈਡਮੀ ਵਲੋਂ ਕਰਵਾਈ ਗਈ ਉੱਚ ਪੱਧਰੀ ਟਰੇਨਿੰਗ

ਚੰਡੀਗੜ੍ਹ, 14 ਜਨਵਰੀ 2024 – ਪੰਜਾਬ ਦੇ ਆਮ ਘਰਾਂ ਦੇ 57 ਨੌਜਵਾਨਾਂ ਨੇ ਪੰਜਾਬ ਪੁਲਿਸ ਦੇ ਅਹੁਦੇ ਲਈ ਹੋਏ ਸੁਬੋਰਡੀਨੇਟ ਲੈਵਲ ਦੇ ਲਿਖਤੀ ਪੇਪਰ ਵਿਚ ਕੁਆਲੀਫਾਈ ਕੀਤਾ ਹੈ ਅਤੇ 1 ਨੌਜਵਾਨ ਏ.ਡੀ.ਓ. (ਐਗਰੀਕਲਚਰਲ ਡਿਵੈਲਪਮੈਂਟ ਅਫਸਰ) ਦੇ ਅਹੁਦੇ ‘ਤੇ ਕਲਾਸ ਵਨ ਅਫਸਰ ਅਤੇ 1 ਨੌਜਵਾਨ ਨੇ ਜੇਲ੍ਹ ਵਾਰਡਨ ਦਾ ਅਹੁਦਾ ਸੰਭਾਲਿਆ ਹੈ. ਇਨ੍ਹਾਂ ਸਾਰੇ ਬੱਚਿਆਂ ਦੀ ਟਿਊਸ਼ਨ ਫੀਸ ਦਾ ਸਾਰਾ ਖਰਚ ਖਾਲਸਾ ਏਡ ਵਲੋਂ ਕੀਤਾ ਗਿਆ ਅਤੇ ਸਬਰ ਫਾਊਂਡੇਸ਼ਨ ਵਲੋਂ ਇਸ ਪੜ੍ਹਾਈ ਸਬੰਧਿਤ ਕਿਤਾਬਾਂ ਮੁਹਈਆ ਕਰਵਾਈਆਂ ਗਈਆਂ ਹਨ. ਫਾਊਂਡੇਸ਼ਨ ਪੰਜਾਬ ਨਾਂ ਹੇਠ ਸਾਲ 2023 ਵਿਚ ਸ਼ੁਰੂ ਹੋਏ ਇਸ ਪ੍ਰੋਜੈਕਟ ਦਾ ਟੀਚਾ ਪੰਜਾਬ ਦੇ ਉਨ੍ਹਾਂ ਹੋਣਹਾਰ ਬੱਚਿਆਂ ਦੀ ਹਰ ਪੱਖੋਂ ਪੜ੍ਹਾਈ ਵਿਚ ਮਦਦ ਕਰਨਾ ਸੀ, ਜੋ ਆਰਥਿਕ ਕਾਰਨਾਂ ਕਰਕੇ ਅਫਸਰਸ਼ਾਹੀ ਪੱਧਰ ਦੇ ਇਮਤਿਹਾਨਾਂ ਵਿਚ ਬੇਠਣੋਂ ਖੁੰਝ ਜਾਂਦੇ ਰਹੇ ਨੇ.

ਇਸ ਮੌਕੇ ਖਾਲਸਾ ਏਡ ਮੁਖੀ ਭਾਈ ਰਵੀ ਸਿੰਘ ਨੇ ਫੋਕਸ ਪੰਜਾਬ ਅਧੀਨ ਚੱਲ ਰਹੇ ਸਿੱਖੀਆ ਪ੍ਰੋਜੈਕਟ ਦੀ ਦੇਖ ਰੇਖ ਕਰ ਰਹੀ ਖਾਲਸਾ ਏਡ ਇੰਡੀਆ ਦੀ ਨਵੀਂ ਟੀਮ ਸਣੇ ਫਾਊਂਡੇਸ਼ਨ ਪੰਜਾਬ ਅਤੇ ਲਬਾਸਨਾ ਆਈ.ਏ.ਐੱਸ ਅਕੈਡਮੀ ਨੂੰ ਮੁਬਾਰਕਬਾਦ ਦਿੱਤੀ. ਭਾਈ ਰਵੀ ਸਿੰਘ ਨੇ ਸਿੱਖਿਆ ਖੇਤਰ ਵਿਚ ਅਜੋਕੀ ਨੌਜਵਾਨ ਪੀੜ੍ਹੀ ਨੂੰ ਹੋਰ ਵੀ ਵੱਧ ਚੜ੍ਹ ਕੇ ਜਾਗਰੂਕ ਕਰਨ ਲਈ ਪ੍ਰੇਰਿਆ. ਉਨ੍ਹਾਂ ਕਿਹਾ ਕਿ ਖਾਲਸਾ ਏਡ ਨੇ ਸਾਲ 2009 ਵਿਚ ਜਦੋਂ ਪੰਜਾਬ ਵਿਚ ਸੇਵਾ ਸ਼ੁਰੂ ਕੀਤੀ ਸੀ ਤਾਂ ਸਿੱਖਿਆ ਪ੍ਰੋਜੈਕਟ ਤਹਿਤ ਸਪਾਂਸਰ-ਏ-ਚਾਈਲਡ ਪ੍ਰੋਗਰਾਮ ਵਿਚ ਕਾਫੀ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਜ਼ਿੱਮਾ ਚੁੱਕਿਆ ਸੀ. ਭਾਈ ਰਵੀ ਸਿੰਘ ਨੇ ਯੂ.ਕੇ ਤੋਂ ਵਿਸ਼ੇਸ਼ ਤੌਰ ‘ਤੇ ਕਲਾਸ-1 ਅਫਸਰ ਬਣੇ ਏ.ਡੀ.ਓ. ਧਰਮਪਾਲ ਸਿੰਘ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਵੀ ਕੀਤੀ ਅਤੇ ਵਧਾਈ ਦਿੱਤੀ.

ਖਾਲਸਾ ਏਡ ਇੰਡੀਆ ਦੇ ਅਪ੍ਰੇਸ਼ਨ ਲੀਡ, ਭਾਈ ਦਵਿੰਦਰਜੀਤ ਸਿੰਘ ਨੇ ਕਿਹਾ ਕਿ ਖਾਲਸਾ ਏਡ ਵਲੋਂ ਚਲਾਏ ਜਾਂਦੇ ਫੋਕਸ ਪੰਜਾਬ ਪ੍ਰੋਗਰਾਮ ਅਧੀਨ ਸੱਤ ਵੱਖਰੇ ਸਮਾਜ ਭਲਾਈ ਦੇ ਪ੍ਰੋਜੈਕਟ ਚੱਲ ਰਹੇ ਨੇ, ਜਿਨ੍ਹਾਂ ਵਿਚੋਂ ਇਕ ਸਿੱਖਿਆ ਪ੍ਰੋਜੈਕਟ ਹੈ. ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਖਾਲਸਾ ਏਡ ਵਲੋਂ ਸੰਗਰੂਰ ਜ਼ਿਲ੍ਹੇ ਅੰਦਰ ਪੈਂਦੇ ਕਾਕੜਾ ਪਿੰਡ ਵਿਚ ਦਸ਼ਮੇਸ਼ ਪਬਲਿਕ ਸਕੂਲ ਚਲਾਇਆ ਜਾ ਰਿਹਾ ਹੈ, ਜਿਥੇ ਬਹੁਤ ਹੀ ਵਧੀਆ ਪੱਧਰ ਦੀ ਸਿੱਖਿਆ ਸਹੂਲਤ ਸਣੇ ਉੱਚ ਯੋਗਤਾ ਪ੍ਰਾਪਤ ਅਧਿਆਪਕ ਆਪਣੀਆਂ ਸੇਵਾਵਾਂ ਦੇ ਰਹੇ ਨੇ.

ਸਬਰ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਜਸਪ੍ਰੀਤ ਸਿੰਘ ਦਾਹੀਆ ਨੇ ਕਿਹਾ ਕਿ ਇਹ ਪ੍ਰੋਜੈਕਟ ਉਨ੍ਹਾਂ ਵਲੋਂ ਖਾਲਸਾ ਏਡ ਦੇ ਵੱਡੇ ਸਹਿਯੋਗ ਨਾਲ ਸਾਲ 2023 ਵਿਚ ਸ਼ੁਰੂ ਕੀਤਾ ਗਿਆ ਸੀ. ਜਿਸ ਵਿਚ 3691 ਤੋਂ ਜ਼ਿਆਦਾ ਬੱਚਿਆਂ ਨੇ ਆਪਣੀ ਰੁਚੀ ਵਿਖਾਈ ਸੀ. ਪਰ ਭਾਰਤ ਦੀਆਂ ਚੋਟੀ ਦੀਆਂ ਕੋਚਿੰਗ ਅਕੈਡਮੀਆਂ ਵਿਚੋਂ ਇਕ ਲਬਾਸਨਾ ਆਈ.ਏ.ਐੱਸ ਕੋਚਿੰਗ ਅਕੈਡਮੀ ਵਲੋਂ ਟੈਸਟ ਦੇ ਅਧਾਰ ‘ਤੇ 1000 ਤੋਂ ਜ਼ਿਆਦਾ ਬੱਚਿਆਂ ਨੂੰ ਐਨਰੋਲ ਕੀਤਾ ਗਿਆ ਸੀ. ਜਿਸ ਵਿਚ ਪੰਜਾਬ ਦੇ ਤਕਰੀਬਨ ਹਰ ਜ਼ਿਲ੍ਹੇ ਅੰਦਰੋਂ ਬੱਚਿਆਂ ਨੇ ਆਨਲਾਈਨ ਤਿਆਰੀ ਕੀਤੀ ਅਤੇ ਇਨ੍ਹਾਂ ਵਿਚੋਂ 150 ਦੇ ਕਰੀਬ ਯੋਗ ਬੱਚਿਆਂ ਨੂੰ ਆਫਲਾਈਨ ਅਤੇ ਆਨਲਾਈਨ ਕੋਚਿੰਗ ਕਰਵਾ ਕੇ ਇਸ ਇਮਤਿਹਾਨ ਲਈ ਤਿਆਰ ਕੀਤਾ ਗਿਆ, ਜਿਸਦੇ ਨਤੀਜੇ ਵਜੋਂ ਅੱਜ ਖਾਲਸਾ ਏਡ ਅਤੇ ਸਬਰ ਫਾਊਂਡੇਸ਼ਨ ਦੀ ਮਿਹਨਤ ਰੰਗ ਲਿਆਈ ਹੈ ਅਤੇ ਕੁੱਲ 59 ਬੱਚਿਆਂ ਨੇ ਪੇਪਰ ਕੁਆਲੀਫਾਈ ਕੀਤਾ ਤੇ ਜਿਸ ਵਿਚ 2 ਜਣਿਆਂ ਨੇ ਅਹੁਦੇ ਸੰਭਾਲ ਲਏ ਹਨ. ਉਨ੍ਹਾਂ ਆਖਿਆ ਕਿ ਜਿੰਨੀ ਵੀ ਸਿੱਖੀਆ ਸਬੰਧੀ ਆਰਥਿਕ ਲੋੜ ਹੈ, ਉਹ ਖਾਲਸਾ ਏਡ ਵਲੋਂ ਮੁਹਈਆ ਕਰਵਾਈ ਜਾ ਰਹੀ ਹੈ, ਜਿਹੜੇ ਬੱਚਿਆਂ ਨੂੰ ਕੋਈ ਪੜ੍ਹਾਈ ਸਬੰਧੀ ਕਿਸੇ ਵੀ ਤਰ੍ਹਾਂ ਦੀ ਕਿਤਾਬ ਦੀ ਸਹੂਲਤ ਸਬਰ ਫਾਊਂਡੇਸ਼ਨ ਵਲੋਂ ਕਰਵਾਈ ਜਾਂਦੀ ਹੈ. ਇਸ ਵਿਚ ਲਬਾਸਨਾ ਆਈ.ਏ.ਐੱਸ ਅਕੈਡਮੀ ਵਲੋਂ ਇਮਤਿਹਾਨਾਂ ਦੀ ਤਿਆਰੀ ਕਰਵਾਈ ਗਈ ਹੈ.

ਲਬਾਸਨਾ ਆਈ.ਏ.ਐੱਸ. ਕੋਚਿੰਗ ਅਕੈਡਮੀ ਦੇ ਸੀ.ਈ.ਓ ਜਤਿਨ ਬਜਾਜ ਨੇ ਦੱਸਿਆ ਕਿ ਜਿੰਨੇ ਵੀ ਪ੍ਰੋਫੈਸਰ ਇਨ੍ਹਾਂ ਬੱਚਿਆਂ ਨੂੰ ਕੋਚਿੰਗ ਦੇ ਰਹੇ ਹਨ, ਉਹ ਸਾਰੇ ਹੀ ਉੱਚ ਯੋਗਤਾ ਵਾਲੇ ਹਨ ਅਤੇ ਖੁਦ ਇਨ੍ਹਾਂ ਇਮਤਿਹਾਨਾਂ ਵਿਚ ਬੈਠ ਚੁਕੇ ਹਨ ਨੇ. ਜੋ ਹਫਤਾਵਰੀ ਮਾਕ ਇੰਟਵਿਊਜ਼ ਕਰਵਾਈਆਂ ਜਾਂਦੀਆਂ ਹਨ, ਉਸ ਵਿਚ ਸੇਵਾਮੁਕਤ ਆਈ.ਏ.ਐੱਸ. ਪੀ ਸੀ.ਐੱਸ ਅਫਸਰ ਹੁੰਦੇ ਹਨ. ਉਨ੍ਹਾਂ ਆਖਿਆ ਕਿ ਇਹ
ਪੂਰੇ ਭਾਰਤ ਵਿਚੋਂ ਹਫਤਾਵਰੀ 1 ਟੈਸਟ ਕਰਾਉਣ ਵਾਲਾ ਪਹਿਲਾ ਆਈ.ਏ.ਐੱਸ ਕੋਚਿੰਗ ਕੇੰਦਰ ਹੈ. ਉਨ੍ਹਾਂ ਆਖਿਆ ਕਿ ਜਿਹੜੇ ਬੱਚਿਆਂ ਨੇ ਇਸ ਸੇਵਾ ਦਾ ਲਾਭ ਲੈਣਾ ਹੋਵੇ ਤਾਂ sabar.org ‘ਵੈਬਸਾਈਟ ਉੱਤੇ ਆਨਲਾਈਨ ਫਾਰਮ ਭਰ ਕੇ ਜਮ੍ਹਾ ਕਰਵਾਇਆ ਜਾ ਸਕਦਾ ਹੈ.

ਖਾਲਸਾ ਏਡ ਏਸ਼ੀਆ ਪੈਸੀਫਿਕ ਮੁਖੀ ਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਯੂ.ਪੀ.ਐੱਸ.ਸੀ ਪੱਧਰ ਦੇ ਇਮਤਿਹਾਨਾਂ ਲਈ ਟਰੇਨਿੰਗ ਸ਼ੁਰੂ ਕਰਨ ਦਾ ਟੀਚਾ ਇਹ ਸੀ ਕਿ ਦੋ ਸਾਲ ਬਾਅਦ ਬੱਚੇ PPSC ਪੱਧਰ ਅਤੇ ਸੁਬੋਰਡੀਨੇਟ ਪੱਧਰ ਤੱਕ ਦੇ ਪੇਪਰਾਂ ਲਈ ਤਿਆਰ ਹੋ ਕੇ ਕੁਆਲੀਫਾਈ ਕਰ ਸਕਦੇ ਨੇ ਅਤੇ ਜਿਸਦੇ ਸਿੱਟੇ ਵਜੋਂ ਅੱਜ ਇਨ੍ਹਾਂ ਹੋਣਹਾਰ ਬੱਚਿਆਂ ਨੇ ਸਾਬਿਤ ਕਰ ਦਿਖਾਇਆ ਹੈ ਕਿ ਪੰਜਾਬ ਦੇ ਨੌਜਵਾਨ ਅੱਜ ਵੀ ਅਫਸਰ ਬਣਨ ਦੇ ਯੋਗ ਹਨ. ਅੱਜ ਜਿਥੇ ਬਹੁਤਾਤ ਵਿਚ ਨੌਜਵਾਨ ਬਾਹਰਲੇ ਮੁਲਕਾਂ ਵਲ੍ਹ ਰੁਝਾਨ ਵਧਾ ਰਹੇ ਨੇ ਉਥੇ ਇਹ ਨੌਜਵਾਨ ਉਨ੍ਹਾਂ ਲਈ ਇਕ ਮਿਸਾਲ ਹਨ ਜੋ ਕਿ ਪੰਜਾਬ ਵਿਚ ਪੜ੍ਹਾਈ ਕਰਕੇ ਆਪਣੇ ਸਮਾਜ ਦੀ ਸੇਵਾ ਦੇ ਨਾਲ ਨਾਲ ਖੁਦ ਚੰਗਾ ਜੀਵਨ ਬਤੀਤ ਕਰਨ ਦੇ ਯੋਗ ਬਣੇ ਹਨ. ਸ. ਗੁਰਪ੍ਰੀਤ ਸਿੰਘ ਨੇ ਇਨ੍ਹਾਂ ਨਤੀਜਿਆਂ ਲਈ ਸਾਰੀ ਖਾਲਸਾ ਏਡ ਇੰਡੀਆ ਟੀਮ, ਸਬਰ ਫਾਊਂਡੇਸ਼ਨ ਅਤੇ ਲਬਾਸਨਾ ਆਈ.ਏ.ਐੱਸ.ਕੋਚਿੰਗ ਅਕੈਡਮੀ ਨੂੰ ਮੁਬਾਰਕਬਾਦ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਭਾਜਪਾ ਪ੍ਰਧਾਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਕੀਤੀ ਮੁਲਾਕਾਤ: ਕਿਸਾਨਾਂ ਦੀਆਂ ਮੰਗਾਂ ‘ਤੇ ਕੀਤੀ ਚਰਚਾ

ਮਾਘੀ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਦੇਸ਼ ਦੁਨੀਆ ਵਿੱਚ ਵਸਦੀਆਂ ਸੰਗਤਾਂ ਹੋਈਆਂ ਨਤਮਸਤਕ