ਫਿਰੋਜ਼ਪੁਰ, 9 ਮਾਰਚ 2024 – ਫ਼ਿਰੋਜ਼ਪੁਰ ਡਵੀਜ਼ਨ ਨੇ ਬਿਨਾਂ ਡਰਾਈਵਰ ਤੋਂ ਕਠੂਆ ਤੋਂ ਚੱਲੀ ਰੇਲਗੱਡੀ ਦਾ ਨੋਟਿਸ ਲਿਆ ਹੈ। ਹੁਣ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਫੈਸਲਾ ਲਿਆ ਹੈ ਕਿ ਬਿਨਾਂ ਗਾਰਡ ਦੇ ਕੋਈ ਵੀ ਟਰੇਨ ਨਹੀਂ ਚੱਲਣ ਦਿੱਤੀ ਜਾਵੇਗੀ। ਇਸ ਸਬੰਧੀ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਰੈਂਕਰ ਕੋਟੇ ਵਿੱਚੋਂ ਗੁਡਜ਼ ਟਰੇਨ ਮੈਨੇਜਰ ਦੇ ਅਹੁਦੇ ਲਈ 60 ਦੇ ਕਰੀਬ ਮੁਲਾਜ਼ਮਾਂ ਦੀ ਚੋਣ ਕੀਤੀ ਗਈ ਹੈ। ਬੋਰਡ ਵੱਲੋਂ ਲਿਆ ਗਿਆ ਇਹ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ 60 ਮੁਲਾਜ਼ਮਾਂ ਨੂੰ ਫ਼ਿਰੋਜ਼ਪੁਰ ਡਵੀਜ਼ਨ ਵੱਲੋਂ ਚੌਥੀ ਸ਼੍ਰੇਣੀ ਦੇ ਰੈਂਕਰ ਕੋਟੇ ਦੀ ਪ੍ਰੀਖਿਆ ਵਿੱਚ ਸੂਚੀਬੱਧ ਕੀਤਾ ਗਿਆ ਹੈ। ਸੂਚੀਬੱਧ ਕੀਤੇ ਗਏ ਸਾਰੇ 60 ਕਰਮਚਾਰੀਆਂ ਨੂੰ ਸਿਖਲਾਈ ਲਈ ਭੇਜਿਆ ਜਾਵੇਗਾ। ਉੱਥੇ ਕਰੀਬ ਡੇਢ ਮਹੀਨੇ ਤੱਕ ਉਸਦੀ ਟ੍ਰੇਨਿੰਗ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਫ਼ਿਰੋਜ਼ਪੁਰ ਡਵੀਜ਼ਨ ਅਧੀਨ ਆਉਂਦੇ ਵੱਖ-ਵੱਖ ਖੇਤਰਾਂ ਵਿੱਚ ਤਾਇਨਾਤ ਕੀਤੇ ਜਾਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਕਾਫੀ ਸਮੇਂ ਤੋਂ ਰੇਲ ਗੱਡੀਆਂ ਬਿਨਾਂ ਗਾਰਡ ਦੇ ਚੱਲ ਰਹੀਆਂ ਸਨ। ਡਿਵੀਜ਼ਨ ਵਿੱਚ ਮੈਨੇਜਰ ਰੈਂਕ ਦੀਆਂ ਕਰੀਬ 78 ਅਸਾਮੀਆਂ ਖਾਲੀ ਪਈਆਂ ਹਨ। ਹੁਣ 60 ਅਸਾਮੀਆਂ ਭਰਨ ਨਾਲ ਫ਼ਿਰੋਜ਼ਪੁਰ ਡਵੀਜ਼ਨ ਦਾ ਕਾਫੀ ਕੰਮ ਹਲਕਾ ਹੋ ਜਾਵੇਗਾ।
ਦੱਸ ਦੇਈਏ ਕਿ ਕੱਲ੍ਹ ਜੰਮੂ ਦੇ ਕਠੂਆ ਤੋਂ ਬਿਨਾਂ ਡਰਾਈਵਰ ਦੇ ਇੱਕ ਮਾਲ ਗੱਡੀ ਚੱਲ ਪਈ ਸੀ। ਜਿਸ ਨੂੰ ਕਿਸੇ ਤਰ੍ਹਾਂ ਹੁਸ਼ਿਆਰਪੁਰ ਵਿਖੇ ਰੋਕਿਆ ਗਿਆ। ਜੇਕਰ ਉਕਤ ਰੇਲ ਗੱਡੀ ਨੂੰ ਨਾ ਰੋਕਿਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ, ਜਿਸ ਨਾਲ ਸਰਕਾਰ ਦਾ ਭਾਰੀ ਨੁਕਸਾਨ ਹੋ ਸਕਦਾ ਸੀ। ਇਸ ‘ਤੇ ਕਾਰਵਾਈ ਕਰਦੇ ਹੋਏ ਰੇਲਵੇ ਨੇ 6 ਅਧਿਕਾਰੀਆਂ ਨੂੰ ਮੁਅੱਤਲ ਵੀ ਕਰ ਦਿੱਤਾ ਹੈ। ਹੁਣ ਸਾਰੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਫ਼ਿਰੋਜ਼ਪੁਰ ਡਵੀਜ਼ਨ ਨੇ ਇਹ ਫ਼ੈਸਲਾ ਲਿਆ ਹੈ।