ਕਰਨਲ ਪੁਸ਼ਪਿੰਦਰ ਬਾਠ ਦੇ ਬਿਆਨ ‘ਤੇ ਤਾਜ਼ਾ FIR ਦਰਜ, ਉੱਚ ਪੱਧਰੀ ਵਿਸ਼ੇਸ਼ ਜਾਂਚ ਟੀਮ ਗਠਿਤ

— ਨਿਰਪੱਖ ਜਾਂਚ ਲਈ ਉੱਚ ਪੱਧਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਗਠਿਤ
— ਮੁਅੱਤਲ ਕੀਤੇ ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਵੀ ਅਰੰਭੀ
— ਸਬੰਧਤ ਪੁਲਿਸ ਅਧਿਕਾਰੀਆਂ ਦਾ ਜ਼ਿਲ੍ਹਾ ਪਟਿਆਲਾ ਤੋਂ ਬਾਹਰ ਤਬਾਦਲਾ ਕਰਨ ਲਈ ਡੀਆਈਜੀ ਨੂੰ ਕਿਹਾ
— ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਨੂੰ ਦਿੱਤੀ ਸੁਰੱਖਿਆ

ਚੰਡੀਗੜ੍ਹ/ਪਟਿਆਲਾ, 22 ਮਾਰਚ 2025 – ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਬਿਆਨ ‘ਤੇ ਮਿਤੀ 21 ਮਾਰਚ, 2025 ਨੂੰ ਥਾਣਾ ਸਿਵਲ ਲਾਈਨਜ਼, ਪਟਿਆਲਾ ਵਿਖੇ ਤਾਜਾ ਐਫਆਈਆਰ ਨੰਬਰ 69 ਦਰਜ ਕੀਤੀ ਗਈ ਹੈ। ਇਹ ਮਾਮਲਾ ਮਿਤੀ 14-03-2025 ਨੂੰ ਕਰਨਲ ਬਾਠ ਦੇ ਦਰਜ ਕੀਤੇ ਗਏ ਬਿਆਨਾਂ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ, ਜੋ ਕਿ 13/14 ਮਾਰਚ, 2025 ਦੀ ਦਰਮਿਆਨੀ ਰਾਤ ਨੂੰ ਕੁਝ ਪੁਲਿਸ ਅਧਿਕਾਰੀਆਂ ਦੁਆਰਾ ਉਸ ਨਾਲ ਕੁੱਟਮਾਰ ਦੀ ਇੱਕ ਮੰਦਭਾਗੀ ਘਟਨਾ ਦੇ ਸੰਬੰਧ ਵਿੱਚ ਉਸ ਵੱਲੋਂ ਦਰਜ ਕਰਵਾਏ ਗਏ ਸਨ। ਕਰਨਲ ਬਾਠ ਦੇ ਬਿਆਨ ਵਿੱਚ ਉਨ੍ਹਾਂ ਪੁਲਿਸ ਅਧਿਕਾਰੀਆਂ ਦੇ ਨਾਮ ਸ਼ਾਮਿਲ ਹਨ,ਜਿਨ੍ਹਾਂ ਨੇ ਉਨ੍ਹਾਂ ਉਪਰ ਹਮਲਾ ਕੀਤਾ ਸੀ ਅਤੇ ਕਰਨਲ ਬਾਠ ਵਲੋਂ ਆਪਣੇ ਬਿਆਨ ਵਿੱਚ ਉਕਤ ਹਮਲੇ ਵਿੱਚ ਸ਼ਾਮਲ ਹਰੇਕ ਵਿਅਕਤੀ ਦੀ ਭੂਮਿਕਾ ਵੀ ਦੱਸੀ ਗਈ ਹੈ।

ਕੇਸ ਵਿੱਚ ਬਾਏ ਨੇਮ ਦਰਜ ਹੋਈ ਐਫ ਆਈ ਆਰ ਕਾਪੀ

ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਵਧੀਕ ਡਾਇਰੈਕਟਰ ਜਨਰਲ ਪੁਲਿਸ ਕਾਨੂੰਨ ਤੇ ਵਿਵਸਥਾ,ਪੰਜਾਬ ਸ਼੍ਰੀ ਐਸ.ਪੀ.ਐਸ.ਪਰਮਾਰ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਸ਼੍ਰੀ ਸੰਦੀਪ ਮਲਿਕ, ਆਈ.ਪੀ.ਐਸ., ਸੀਨੀਅਰ ਸੁਪਰਡੈਂਟ ਆਫ਼ ਪੁਲਿਸ, ਹੁਸ਼ਿਆਰਪੁਰ ਅਤੇ ਸ਼੍ਰੀ ਮਨਪ੍ਰੀਤ ਸਿੰਘ, ਪੀ.ਪੀ.ਐਸ., ਸੁਪਰਡੈਂਟ ਆਫ਼ ਪੁਲਿਸ, ਦਿਹਾਤੀ, ਐਸ.ਏ.ਐਸ. ਨਗਰ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਨਿਰਪੱਖ ਅਤੇ ਤੇਜ਼ੀ ਨਾਲ ਜਾਂਚ ਕੀਤੀ ਜਾ ਸਕੇ। ਐਸ.ਆਈ.ਟੀ. ਨੂੰ ਸਬੂਤ ਇਕੱਠੇ ਕਰਨ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਲਈ ਰੋਜ਼ਾਨਾ ਦੇ ਆਧਾਰ ‘ਤੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਇਸ ਕੇਸ ਵਿੱਚ ਸ਼ਾਮਲ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕੇ।

ਪੰਜਾਬ ਪੁਲਿਸ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਡੀ.ਆਈ.ਜੀ. ਪਟਿਆਲਾ ਰੇਂਜ ਨੂੰ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਜ਼ਿਲ੍ਹਾ ਪਟਿਆਲਾ ਤੋਂ ਬਾਹਰ ਤਬਦੀਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਤਾਂ ਜੋ ਜਾਂਚ ਨਿਰਪੱਖ ਢੰਗ ਨਾਲ ਕੀਤੀ ਜਾ ਸਕੇ। ਬੁਲਾਰੇ ਨੇ ਅੱਗੇ ਕਿਹਾ ਕਿ ਸਾਰੇ 12 ਸਬੰਧਤ ਪੁਲਿਸ ਅਧਿਕਾਰੀਆਂ/ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਸਜ਼ਾ ਲਈ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ, ਸੁਰੱਖਿਆ ਨੂੰ, ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਨੂੰ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ ਨਾਲੋਂ ਪਾਕਿਸਤਾਨ ਅਤੇ ਨੇਪਾਲ ਜ਼ਿਆਦਾ ‘ਖੁਸ਼ਹਾਲ’ ਦੇਸ਼: ਫਿਨਲੈਂਡ ‘ਵਰਲਡ ਹੈਪੀਨੈੱਸ ਇੰਡੈਕਸ’ ‘ਚ ਸਭ ਤੋਂ ਵੱਧ ਖੁਸ਼ਹਾਲ ਦੇਸ਼

RSS ਦੇ ਮੰਚ ‘ਤੇ ਮਨਮੋਹਨ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ: ਸੰਘ ਨੇ ਮਣੀਪੁਰ ਦੀ ਸਥਿਤੀ ‘ਤੇ ਵੀ ਪ੍ਰਗਟਾਈ ਚਿੰਤਾ