- ਠੱਗ ਏਜੰਟ ਤੋਂ ਠੱਗੇ ਪੀੜਿਤ ਲੋਕਾਂ ਨੇ ਦਿੱਤੀ ਮੀਡੀਆ ਨੂੰ ਜਾਣਕਾਰੀ
- ਗ੍ਰਿਫਤਾਰ ਕੀਤੇ ਠੱਗ ਏਜੰਟ ਬਾਰੇ ਪੁਲਿਸ ਨੇ ਜਾਣਕਾਰੀ ਦੇਣ ਤੋਂ ਕੀਤਾ ਇਨਕਾਰ
ਅੰਮ੍ਰਿਤਸਰ, 28 ਜਨਵਰੀ 2024 – ਅਕਸਰ ਹੀ ਵਿਦੇਸ਼ ਜਾਣ ਦੀ ਚਾਹਤ ਵਿੱਚ ਭੋਲੇ ਭਾਲੇ ਲੋਕ ਠੱਗ ਟਰੈਵਲ ਏਜੰਟਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ ਤੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਤਰੀਕੇ ਹੀ ਪੰਜਾਬ ਦੇ 40 ਤੋਂ 45 ਨੌਜਵਾਨ ਅੰਮ੍ਰਿਤਸਰ ਦੇ ਇੱਕ ਠੱਗ ਟਰੈਵਲ ਏਜੰਟ ਦੇ ਝਾਂਸੇ ਵਿੱਚ ਆ ਕੇ ਠੱਗੀ ਦਾ ਸ਼ਿਕਾਰ ਹੋ ਗਏ, ਜਿਸ ਤੋਂ ਬਾਅਦ ਪੀੜਿਤ ਲੋਕਾਂ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਸਾਲ 2021 ਵਿੱਚ ਦਰਖਾਸਤ ਦਿੱਤੀ ਗਈ ਅਤੇ ਪੁਲਿਸ ਵੱਲੋਂ 2021 ਵਿੱਚ ਹੀ ਉਸ ਠੱਗ ਟਰੈਵਲ ਏਜੰਟ ਤੇ ਮਾਮਲਾ ਦਰਜ ਕਰ ਲਿਆ ਸੀ।
ਪਰ ਹੈਰਾਨੀ ਦੀ ਗੱਲ ਇਹ ਹੈ ਕਿ ਠੱਗ ਟਰੈਵਲ ਏਜੰਟ ਫਿਰ ਵੀ ਵੱਖ-ਵੱਖ ਥਾਵਾਂ ਤੇ ਆਪਣਾ ਇਮੀਗ੍ਰੇਸ਼ਨ ਦਫਤਰ ਖੋਲ੍ਹ ਕੇ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਿਹਾ ਸੀ ਅਤੇ ਪਿਛਲੇ ਦਿਨੀ ਉਸ ਠੱਗ ਟਰੈਵਲ ਏਜੰਟ ਵੱਲੋਂ ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਵਿੱਚ ਵਰਲਡ ਵੀਜ਼ਾ ਹੱਬ ਨਾਮ ਤੇ ਦਫਤਰ ਖੋਲ ਕੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ ਜਦੋਂ ਇਸ ਦੀ ਖਬਰ ਉਸ ਠੱਗ ਏਜੰਟ ਤੋਂ ਠੱਗੇ ਪੀੜਤ ਲੋਕਾਂ ਨੂੰ ਪਤਾ ਲੱਗੀ ਤਾਂ ਉਹ ਲੋਕ ਅੱਜ ਉਸਦੇ ਦਫਤਰ ਪਹੁੰਚੇ ਤਾਂ ਉੱਥੇ ਆਉਣ ਤੇ ਪਤਾ ਲੱਗਾ ਕਿ ਠੱਗ ਏਜੰਟ ਨੂੰ ਦੋ ਦਿਨ ਪਹਿਲਾਂ ਹੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਸਬੰਧ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਲੋਕਾਂ ਨੇ ਦੱਸਿਆ ਕਿ ਮਨਮੋਹਨ ਸਿੰਘ ਮੋਣੀ ਨਾਮਕ ਟਰੈਵਲ ਏਜੰਟ ਵੱਲੋਂ ਉਹਨਾਂ ਨੂੰ ਵਿਦੇਸ਼ ਭੇਜਣ ਦੇ ਨਾਮ ਦੇ ਉੱਪਰ ਠੱਗੀ ਮਾਰੀ ਗਈ ਸੀ ਤੇ ਉਹਨਾਂ ਨੂੰ ਨਕਲੀ ਵੀਜ਼ਾ ਲਗਾ ਕੇ ਦਿੱਲੀ ਭੇਜ ਦਿੱਤਾ ਗਿਆ ਤੇ ਇਸ ਦੀ ਜਾਣਕਾਰੀ ਉਹਨਾਂ ਨੂੰ ਦਿੱਲੀ ਏਅਰਪੋਰਟ ਤੋਂ ਪਤਾ ਲੱਗੀ ਜਿਸ ਤੋਂ ਬਾਅਦ ਉਹ ਲਗਾਤਾਰ ਹੀ ਇਸ ਏਜੰਟ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਹੁਣ ਵੀ ਉਹਨਾਂ ਵੱਲੋਂ 2021 ਵਿੱਚ ਇਸ ਟਰੈਵਲ ਏਜੰਟ ਤੇ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਅੱਜ ਉਹਨਾਂ ਨੂੰ ਪਤਾ ਲੱਗਾ ਸੀ ਕਿ ਇਸ ਟਰੈਵਲ ਏਜੰਟ ਨੂੰ ਪੁਲਿਸ ਨੇ ਕਾਬੂ ਕਰ ਲਿੱਤਾ ਹੈ ਅਤੇ ਉਹ ਇਸ ਦੇ ਦਫਤਰ ਨਿਊ ਅੰਮ੍ਰਿਤਸਰ ਵਿੱਚ ਪਹੁੰਚਿਆ ਜਿੱਥੇ ਕਿ ਇਸ ਦਾ ਦਫਤਰ ਵੀ ਬੰਦ ਹੈ ਤੇ ਪੁਲਿਸ ਵੱਲੋਂ ਇਸ ਟਰੈਵਲ ਏਜੰਟ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਹੁਣ ਨਾਲ ਹੀ ਪੀੜਤ ਲੋਕਾਂ ਨੇ ਮੀਡੀਆ ਦੇ ਜਰੀਏ ਪੁਲਿਸ ਤੇ ਅਦਾਲਤ ਤੋਂ ਇਨਸਾਫ ਮੰਗਦੇ ਹੋਏ ਆਪਣੇ ਪੈਸੇ ਇਸ ਟਰੈਵਲ ਏਜੰਟ ਤੋਂ ਕਢਵਾਉਣ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਜਦੋਂ ਇਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਏਸੀਪੀ ਈਸਟ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੀਡੀਆ ਨੂੰ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਲੇਕਿਨ ਬੰਦ ਕੈਮਰੇ ਵਿੱਚ ਇਹ ਜਰੂਰ ਕਿਹਾ ਕਿ ਚਾਰ ਦਿਨ ਪਹਿਲਾਂ ਉਹਨਾਂ ਵੱਲੋਂ ਟਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੂੰ ਹੁਣ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।