ਜਲੰਧਰ, 25 ਸਤੰਬਰ 2022 – ਜਲੰਧਰ ਪੁਲਿਸ ਨੇ ਬੈਂਕਾਂ ‘ਚ ਪੈਸੇ ਜਮ੍ਹਾ ਕਰਵਾਉਣ ਜਾਂ ਬੈਂਕ ‘ਚੋਂ ਪੈਸੇ ਕਢਵਾਉਣ ਲਈ ਆਉਣ ਵਾਲੇ ਲੋਕਾਂ ਦੀਆਂ ਜੇਬਾਂ ਕੱਟਣ ਵਾਲੀਆਂ ਔਰਤਾਂ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਮੱਧ ਪ੍ਰਦੇਸ਼ (ਐੱਮ. ਪੀ.) ਦੀਆਂ 6 ਔਰਤਾਂ ਦਾ ਹੈ। ਇਸ ਗਰੋਹ ਦੇ ਮੈਂਬਰ ਝੂਠੀ ਕਹਾਣੀ ਸੁਣਾ ਕੇ 10-15 ਦਿਨਾਂ ਲਈ ਕਮਰੇ ਕਿਰਾਏ ‘ਤੇ ਲੈ ਲੈਂਦੇ ਸਨ ਅਤੇ ਵਾਰਦਾਤ ਤੋਂ ਬਾਅਦ ਜਗ੍ਹਾ ਬਦਲ ਲੈਂਦੇ ਸਨ। ਇਸ ਗਰੋਹ ਨੇ ਜਲੰਧਰ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਕਈ ਲੋਕਾਂ ਨਾਲ ਠੱਗੀ ਮਾਰੀ ਹੈ।
ਲੁਟੇਰੀਆਂ ਔਰਤਾਂ ਦੇ ਨਿਸ਼ਾਨੇ ‘ਤੇ ਜ਼ਿਆਦਾਤਰ ਬਜ਼ੁਰਗ ਸਨ। ਸਾਰੇ ਕਿਸੇ ਨਾ ਕਿਸੇ ਬੈਂਕ ਜਾਂ ਏਟੀਐਮ ਦੇ ਬਾਹਰ ਇਕੱਠੇ ਹੋ ਕੇ ਵਾਰਦਾਤ ਨੂੰ ਅੰਜਾਮ ਦਿੰਦੀਆਂ ਸਨ। ਜਿਵੇਂ ਹੀ ਕੋਈ ਬਜ਼ੁਰਗ ਵਿਅਕਤੀ ਪੈਸੇ ਕਢਵਾਉਣ ਜਾਂ ਪੈਸੇ ਜਮ੍ਹਾ ਕਰਵਾਉਣ ਲਈ ਬੈਂਕ ਆਉਂਦਾ ਸੀ ਤਾਂ ਉਹ ਉਸ ਦਾ ਪਿੱਛਾ ਕਰਦੀ ਸੀ। ਇਸ ਤੋਂ ਬਾਅਦ ਮੌਕਾ ਮਿਲਦੇ ਹੀ ਜੇਬਾਂ ਜਾਂ ਥੈਲੇ ਪਾੜ ਕੇ ਨਕਦੀ ਚੋਰੀ ਕਰਕੇ ਗਾਇਬ ਹੋ ਜਾਂਦੀਆਂ ਸੀ।
ਇਨ੍ਹਾਂ ਲੁਟੇਰੀਆਂ ਔਰਤਾਂ ਦਾ ਹੁਸ਼ਿਆਰਪੁਰ ਦੇ ਦਸੂਹਾ ‘ਚ ਪਰਦਾਫਾਸ਼ ਹੋਇਆ ਹੈ। ਇੱਕ ਬਜ਼ੁਰਗ ਅਮਲੋਕ ਸਿੰਘ ਵਾਸੀ ਸ਼ਰੀਫਪੁਰ ਨੇ ਦਸੂਹਾ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਬੈਂਕ ਖਾਤੇ ਵਿੱਚੋਂ 60 ਹਜ਼ਾਰ ਰੁਪਏ ਕਢਵਾਏ ਸਨ। ਉਸ ਨੇ 50 ਹਜ਼ਾਰ ਰੁਪਏ ਕੁੜਤੇ ਦੀ ਸਾਈਡ ਜੇਬ ‘ਚ ਪਾ ਦਿੱਤੇ, ਜਦਕਿ 10 ਹਜ਼ਾਰ ਰੁਪਏ ਕੁੜਤੇ ਦੀ ਅਗਲੀ ਜੇਬ ‘ਚ ਪਾਏ ਪਰ ਜਦੋਂ ਉਹ ਘਰ ਪਹੁੰਚਿਆ ਤਾਂ ਜੇਬ ‘ਚੋਂ 50 ਹਜ਼ਾਰ ਗਾਇਬ ਸਨ।
ਬਜ਼ੁਰਗ ਦੀ ਸ਼ਿਕਾਇਤ ’ਤੇ ਥਾਣਾ ਦਸੂਹਾ ਦੇ ਇੰਚਾਰਜ ਬਿਕਰਮਜੀਤ ਸਿੰਘ ਨੇ ਬੈਂਕ ’ਚ ਜਾ ਕੇ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਨਾਲ-ਨਾਲ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿੱਚ ਲਈ। ਸੀਸੀਟੀਵੀ ਫੁਟੇਜ ਦੇਖ ਕੇ ਪਤਾ ਲੱਗਾ ਕਿ ਗਰੋਹ ਦੀਆਂ ਔਰਤਾਂ ਇੱਕ ਆਟੋ ਵਿੱਚ ਆਈਆਂ ਅਤੇ ਬੜੀ ਹੁਸ਼ਿਆਰੀ ਨਾਲ ਬਜ਼ੁਰਗ ਦੀ ਜੇਬ ਵਿੱਚੋਂ ਪੈਸੇ ਕੱਢ ਕੇ ਲੈ ਗਈਆਂ।
ਪੁਲਿਸ ਨੇ ਜਾਂਚ ਕੀਤੀ ਕਿ ਘਟਨਾ ਤੋਂ ਬਾਅਦ ਆਟੋ ਕਿਸ ਦਿਸ਼ਾ ਤੋਂ ਆਇਆ ਅਤੇ ਕਿਸ ਦਿਸ਼ਾ ਵੱਲ ਗਿਆ। ਪੁਲੀਸ ਨੇ ਆਟੋ ਦਾ ਨੰਬਰ ਵੀ ਚੈੱਕ ਕੀਤਾ। ਇਸ ਤੋਂ ਬਾਅਦ ਜਦੋਂ ਆਟੋ ਚਾਲਕ ਪੁਲੀਸ ਦੇ ਹੱਥ ਆਇਆ ਤਾਂ ਇਸ ਗਰੋਹ ਦਾ ਪਰਦਾਫਾਸ਼ ਹੋ ਗਿਆ। ਇਸ ਮਹਿਲਾ ਗਰੋਹ ਨਾਲ ਆਟੋ ਵਾਲਾ ਵੀ ਸ਼ਾਮਲ ਸੀ। ਇਹ ਗਰੋਹ ਇਸ ਆਟੋ ਵਿੱਚ ਵਾਰਦਾਤਾਂ ਕਰਨ ਲਈ ਜਾਂਦਾ ਸੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਔਰਤਾਂ ਦੀ ਪਛਾਣ ਦੇਸਨ ਸੋਨਮ, ਅਰਚਨਾ, ਜੋਤੀ, ਸਰਿਤਾ, ਕੋਲੇ, ਭਾਰਤੀ ਵਜੋਂ ਹੋਈ ਹੈ। ਸਾਰੇ ਗੁਲਖੇੜੀ ਥਾਣਾ ਬੋਹੜਾ ਜ਼ਿਲ੍ਹਾ ਰਾਜਗੜ੍ਹ ਮੱਧ ਪ੍ਰਦੇਸ਼ ਦੇ ਵਾਸੀ ਹਨ, ਜਦਕਿ ਆਟੋ ਚਾਲਕ ਦੀ ਪਛਾਣ ਪਵਨ ਕੁਮਾਰ ਪੁੱਤਰ ਵਜ਼ੀਰ ਚੰਦ ਵਾਸੀ ਰਾਏਪੁਰ ਜ਼ਿਲ੍ਹਾ ਰਸੂਲਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।
ਪੁਲਸ ਨੇ ਸਾਰਿਆਂ ਨੂੰ ਅਦਾਲਤ ‘ਚ ਪੇਸ਼ ਕੀਤਾ, ਜਿੱਥੋਂ ਪੁੱਛਗਿੱਛ ਲਈ ਉਨ੍ਹਾਂ ਨੂੰ 2 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਦਸੂਹਾ ਦੇ ਡੀਐਸਪੀ ਬਲਬੀਰ ਸਿੰਘ ਨੇ ਦੱਸਿਆ ਕਿ ਮਹਿਲਾ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 379ਬੀ, 120ਬੀ ਤਹਿਤ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ।