ਜੇਲ੍ਹ ‘ਚੋਂ ਗੈਂਗਸਟਰ ਆਮਨਾ ਦੀ ਵੀਡੀਓ ਵਾਇਰਲ: ਪੜ੍ਹੋ ਪੂਰੀ ਖ਼ਬਰ

  • ਗੈਂਗਸਟਰ ਆਪਣੀ ਬੈਰਕ ‘ਚੋਂ ਨਿੱਕਲ ਕੇ ਟੌਹਰ ਨਾਲ ਤੁਰਦਾ ਆ ਰਿਹਾ ਹੈ ਨਜ਼ਰ,
  • ਵੀਡੀਓ ਵਿਰਲਾ ਹੋਣ ਤੋਂ ਬਾਅਦ ਗੈਂਗਸਟਰ ‘ਤੇ ਪਰਚਾ ਦਰਜ

ਸੰਗਰੂਰ, 10 ਸਤੰਬਰ 2023 – ਸੰਗਰੂਰ ਜੇਲ੍ਹ ‘ਚੋਂ ਗੈਂਗਸਟਰ ਆਮਨਾ ਉਬਾ ਦੀ ਵੀਡੀਓ ਵਾਇਰਲ ਹੋਈ ਹੈ। ਵਾਇਰਲ ਵੀਡੀਓ ‘ਚ ਗੈਂਗਸਟਰ ਪੂਰੇ ਟਸ਼ਨ ‘ਚ ਆਪਣੀ ਬੈਰਕ ‘ਚੋਂ ਬਾਹਰ ਨਿਕਲਦਾ ਦਿਖਾਈ ਦੇ ਰਿਹਾ ਹੈ। ਵਾਇਰਲ ਵੀਡੀਓ ‘ਚ ਗੈਂਗਸਟਰ ਆਮਨਾ ਨੇ ਟੋਪੀ ਪਾਈ ਹੋਈ ਹੈ, ਆਪਣੇ ਦੋਵੇਂ ਹੱਥ ਜੇਬਾਂ ਵਿੱਚ ਪਾਏ ਹੋਏ ਨੇ ਅਤੇ ਆਪਣੀ ਬੈਰਕ ‘ਚੋਂ ਨਿੱਕਲ ਕੇ ਟੌਹਰ ਨਾਲ ਤੁਰਦਾ ਨਜ਼ਰ ਆ ਰਿਹਾ ਹੈ।

ਵੀਡੀਓ ਵਾਇਰਲ ਹੋਣ ‘ਤੇ ਜੇਲ੍ਹ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ। ਇਸ ਤੋਂ ਤੁਰੰਤ ਬਾਅਦ ਗੈਂਗਸਟਰ ਦੀ ਬੈਰਕ ਦੀ ਤਲਾਸ਼ੀ ਲਈ ਗਈ। ਬੈਰਕ ਵਿੱਚੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਦੋਸ਼ੀ ਗੈਂਗਸਟਰ ਆਮਨਾ ਖਿਲਾਫ ਵੀ ਐੱਫ.ਆਈ.ਆਰ. ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰ ਆਮਨਾ ਉਬਾ ਨੇ ਕੁਝ ਸਾਲ ਪਹਿਲਾਂ ਬਠਿੰਡਾ ‘ਚ ਗੈਂਗਸਟਰ ਕੁਲਬੀਰ ਨੂਰਵਾਣਾ ‘ਤੇ ਹਮਲਾ ਕੀਤਾ ਸੀ। ਗੈਂਗਸਟਰ ਅਮਨਾ ਉਬਾ ਪਿੰਡ ਦਾ ਸਰਪੰਚ ਵੀ ਰਹਿ ਚੁੱਕਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੰਗਰੂਰ ਜੇਲ੍ਹ ਵਿੱਚੋਂ ਅੱਧੀ ਦਰਜਨ ਦੇ ਕਰੀਬ ਕੈਦੀਆਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ‘ਚ ਕੈਦੀਆਂ ਨੇ ਤਤਕਾਲੀ ਜੇਲ੍ਹ ਸੁਪਰਡੈਂਟ ਅਤੇ ਹੋਰ ਜੇਲ੍ਹ ਸਟਾਫ ‘ਤੇ ਉਨ੍ਹਾਂ ਤੋਂ ਪੈਸੇ ਵਸੂਲਣ ਦਾ ਦੋਸ਼ ਲਗਾਇਆ ਸੀ। ਕੈਦੀਆਂ ਦਾ ਦੋਸ਼ ਸੀ ਕਿ ਉਨ੍ਹਾਂ ਤੋਂ 35,000 ਰੁਪਏ ਦੀ ਫਿਰੌਤੀ ਕੀਤੀ ਗਈ ਅਤੇ ਫਿਰ 1-1 ਲੱਖ ਰੁਪਏ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਸੰਗਰੂਰ ਦੇ ਤਤਕਾਲੀ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਪੁਲੀਸ ਅਧਿਕਾਰੀਆਂ ਨੂੰ ਸੌਂਪ ਦਿੱਤੀ ਸੀ।

ਇਸ ਤੋਂ ਪਹਿਲਾਂ ਵੀ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਗੈਂਗਸਟਰਾਂ ਦੀਆਂ ਕਈ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ। ਗੈਂਗਸਟਰ ਜੇਲ੍ਹਾਂ ਦੇ ਅੰਦਰੋਂ ਵੀਡੀਓ ਬਣਾ ਰਹੇ ਹਨ। ਜੇਲ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਅਤੇ ਮੋਬਾਈਲ ਫੋਨਾਂ ਦੀ ਵਰਤੋਂ ਦੇ ਖੁਲਾਸੇ ਹੋਏ ਹਨ। ਇੱਥੋਂ ਤੱਕ ਕਿ ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ ਵਿੱਚੋਂ ਗੈਂਗਸਟਰ ਲਾਰੈਂਸ ਦਾ ਕਥਿਤ ਇੰਟਰਵਿਊ ਵੀ ਜਨਤਕ ਹੋਇਆ ਸੀ।

ਗੋਇੰਦਵਾਲ ਜੇਲ੍ਹ ਵਿੱਚ ਬੰਦ ਲਾਰੈਂਸ ਗੈਂਗ ਦੇ ਗੈਂਗਸਟਰਾਂ ਦੀ ਜਸ਼ਨ ਮਨਾਉਣ ਦੀ ਵੀਡੀਓ ਸਾਹਮਣੇ ਆਈ ਸੀ। ਇਸ ਵੀਡੀਓ ‘ਚ ਗੈਂਗਸਟਰ ਸਚਿਨ ਭਿਵਾਨੀ, ਦੀਪਕ ਮੁੰਡੀ ਅਤੇ ਅੰਕਿਤ ਸਿਰਸਾ ਨਜ਼ਰ ਆਏ। ਲਾਰੈਂਸ ਗੈਂਗ ਦੇ ਉਕਤ ਗੈਂਗਸਟਰਾਂ ਨੇ ਗੋਇੰਦਵਾਲ ਜੇਲ ‘ਚ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਸਾਥੀਆਂ ਨੂੰ ਮਾਰਨ ਤੋਂ ਬਾਅਦ ਇਹ ਵੀਡੀਓ ਬਣਾਈ ਸੀ।

ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੀਆਂ ਵੀਡੀਓਜ਼ ਤੋਂ ਸਾਫ਼ ਹੈ ਕਿ ਗੈਂਗਸਟਰਾਂ ਵੱਲੋਂ ਮੋਬਾਈਲ ਵਰਤਣ ਦੇ ਮਾਮਲਿਆਂ ਵਿੱਚ ਕੋਈ ਕਮੀ ਨਹੀਂ ਆਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜੀ-20 ਨੇਤਾਵਾਂ ਨੇ ਰਾਜਘਾਟ ‘ਤੇ ਬਾਪੂ ਨੂੰ ਸ਼ਰਧਾਂਜਲੀ ਦਿੱਤੀ: ਮੋਦੀ ਨੇ ਖਾਦੀ ਸ਼ਾਲ ਨਾਲ ਕੀਤਾ ਜੀ-20 ਨੇਤਾਵਾਂ ਦਾ ਸਵਾਗਤ

ਹੁਣ CM ਮਾਨ ਦੇ ਨਿਸ਼ਾਨੇ ‘ਤੇ ਰਾਜਾ ਵੜਿੰਗ: ਕਾਰਵਾਈ ਦੇ ਦਿੱਤੇ ਸੰਕੇਤ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ