ਸ੍ਰੀ ਮੁਕਤਸਰ ਸਾਹਿਬ, 3 ਨਵੰਬਰ 2022 – ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਜੇਲ੍ਹ ‘ਚ ਬੰਦ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਬੀ ਕੈਟਾਗਰੀ ਦੇ ਗੈਂਗਸਟਰ ਵੱਲੋਂ ਦੋ ਸਹਾਇਕ ਸੁਪਰਡੈਂਟਾਂ ਤਰਸੇਮ ਸਿੰਘ ਮਾਨ ਅਤੇ ਪ੍ਰੀਤਮ ਸਿੰਘ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਦੋਵਾਂ ਸਹਾਇਕ ਜੇਲ੍ਹ ਸੁਪਰਡੈਂਟਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਹਮਲਾਵਰ ਗੈਂਗਸਟਰ ਦੀ ਪਛਾਣ ਜਸਦੇਵ ਸਿੰਘ ਜੱਸੀ ਮਾਨਸਾ ਵਜੋਂ ਹੋਈ ਹੈ। ਜੋ ਮੁਕਤਸਰ ਦੀ ਜ਼ਿਲ੍ਹਾ ਜੇਲ੍ਹ ਦੇ ਉੱਚ ਸੁਰੱਖਿਆ ਸੈੱਲ ਵਿੱਚ ਬੰਦ ਹੈ।
ਮਿਲੀ ਜਾਣਕਾਰੀ ਅਨੁਸਾਰ ਕਥਿਤ ਤੌਰ ‘ਤੇ ਇਹ ਹਮਲਾ ਚਮਚੇ ਨਾਲ ਕੀਤਾ ਗਿਆ। ਬੀਤੇ ਦਿਨੀਂ ਇਸੇ ਗੈਂਗਸਟਰ ਦੀ ਇਕ ਆਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਇਲਾਜ ਅਧੀਨ ਸਹਾਇਕ ਸੁਪਰਡੈਂਟ ਤਰਸੇਮ ਸਿੰਘ ਨੇ ਦੱਸਿਆ ਕਿ ਜਦ ਉਹ ਚੈਕਿੰਗ ਕਰ ਰਹੇ ਸੀ ਤਾਂ ਗੈਂਗਸਟਰ ਨੇ ਅਚਾਨਕ ਹੀ ਹਮਲਾ ਕਰ ਦਿੱਤਾ।
ਤਰਸੇਮ ਸਿੰਘ ਅਨੁਸਾਰ ਇਸ ਗੈਂਗਸਟਰ ਦੀ ਆਡੀਓ ਵਾਇਰਲ ਹੋਣ ਉਪਰੰਤ ਜੱਜ ਸਾਹਿਬ ਨੇ ਇਸ ਨੂੰ ਸਜਾ ਲਾਈ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਇਸ ਨੇ ਇਹ ਹਮਲਾ ਕੀਤਾ। ਫ਼ਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ।