- ਗੈਂਗਸਟਰ ਅਤੇ ਪੰਜਾਬ ਪੁਲਿਸ ਵਿਚਾਲੇ ਮੁਕਾਬਲੇ ਤੋਂ ਬਾਅਦ ਜਖਮੀ ਹਾਲਾਤ ਚ ਗੈਂਗਸਟਰ ਨੂੰ ਪੁਲਿਸ ਨੇ ਕੀਤਾ ਕਾਬੂ
ਗੁਰਦਾਸਪੁਰ, 8 ਅਕਤੂਬਰ 2022 – ਗੈਂਗਸਟਰ ਰਣਜੋਧ ਬਬਲੂ ਨੂੰ ਗੁਰਦਾਸਪੁਰ ‘ਚ 4 ਘੰਟੇ ਦੇ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਵੀ ਗੋਲੀ ਲੱਗੀ। ਪੁਲਿਸ ਨੇ ਘਰ ਤੋਂ ਹੀ ਉਸਦਾ ਪਿੱਛਾ ਕੀਤਾ ਸੀ। ਜਿਸ ਤੋਂ ਬਾਅਦ ਉਹ ਗੁਰਦਾਸਪੁਰ ਦੇ ਬਟਾਲਾ-ਜਲੰਧਰ ਰੋਡ ‘ਤੇ ਅੱਚਲ ਸਾਹਿਬ ਨੇੜੇ ਪਿੰਡ ਕੋਟਲਾ ਬੋਜਾ ਸਿੰਘ ‘ਚ ਗੰਨੇ ਦੇ ਖੇਤ ‘ਚ ਲੁਕ ਗਿਆ। ਉਥੇ ਤਲਾਸ਼ੀ ਮੁਹਿੰਮ ਤੋਂ ਬਾਅਦ ਪੁਲਸ ਨੇ ਉਸ ਨੂੰ ਫੜ ਲਿਆ। ਇਸ ਦੌਰਾਨ ਗੈਂਗਸਟਰ ਨੇ 30 ਅਤੇ ਪੁਲਿਸ ਨੇ 40 ਫਾਇਰ ਕੀਤੇ। ਫੜੇ ਗਏ ਗੈਂਗਸਟਰ ਬਬਲੂ ਕੋਲੋਂ ਦੋ ਹਥਿਆਰ ਵੀ ਬਰਾਮਦ ਹੋਏ ਹਨ।
ਬਟਾਲਾ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 15 ਦਿਨਾਂ ਵਿੱਚ ਬਟਾਲਾ ਵਿੱਚ ਰਣਜੋਧ ਬਬਲੂ ਖ਼ਿਲਾਫ਼ ਕਾਤਲਾਨਾ ਹਮਲੇ ਦੇ ਦੋ ਕੇਸ ਦਰਜ ਕੀਤੇ ਗਏ ਹਨ। ਪੁਲੀਸ ਨੂੰ ਪਿੱਛਾ ਕਰਦੀ ਦੇਖ ਉਸ ਨੇ ਮੋਟਰ-ਸਾਈਕਲ ਸੜਕ ’ਤੇ ਸੁੱਟ ਦਿੱਤਾ ਅਤੇ ਖੇਤਾਂ ਵਿੱਚ ਛੁਪ ਗਿਆ। ਉਨ੍ਹਾਂ ਕਿਹਾ ਕਿ ਗੈਂਗਸਟਰ ਸਾਰੇ ਇੱਕ ਦੂਜੇ ਦੀ ਮਦਦ ਕਰਦੇ ਹਨ। ਬਾਕੀਆਂ ਤੋਂ ਪੁੱਛਗਿੱਛ ਤੋਂ ਬਾਅਦ ਸਾਰਾ ਮਾਮਲਾ ਸਾਫ ਹੋ ਜਾਵੇਗਾ।
ਐਸਐਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਇਹ ਇੱਕ ਵੱਡਾ ਅਪਰੇਸ਼ਨ ਹੈ ਕਿਉਂਕਿ ਅਸੀਂ ਇਸ ਨੂੰ ਜ਼ਿੰਦਾ ਫੜਿਆ ਹੈ। ਇਹ ਸਵੇਰ ਤੋਂ ਹੀ ਚੱਲ ਰਿਹਾ ਸੀ। ਉਸ ਖ਼ਿਲਾਫ਼ 12 ਦੇ ਕਰੀਬ ਕੇਸ ਦਰਜ ਹਨ। ਗੋਲੀ ਲੱਗਣ ਕਾਰਨ ਉਹ ਜ਼ਖਮੀ ਹੈ, ਉਸ ਦਾ ਇਲਾਜ ਕਰਵਾ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਨੇ ਉਸ ਨੂੰ ਆਤਮ ਸਮਰਪਣ ਕਰਨ ਦੀ ਅਪੀਲ ਕੀਤੀ ਸੀ ਪਰ ਉਹ ਨਹੀਂ ਮੰਨਿਆ। ਜਿਸ ਤੋਂ ਬਾਅਦ ਪੁਲਿਸ ਨੂੰ ਗੰਨੇ ਦੇ ਖੇਤ ਵਿੱਚ ਤਲਾਸ਼ੀ ਮੁਹਿੰਮ ਚਲਾਉਣੀ ਪਈ। ਗੈਂਗਸਟਰ ਅੰਮ੍ਰਿਤਸਰ ਦਿਹਾਤੀ ਦਾ ਰਹਿਣ ਵਾਲਾ ਹੈ। ਪਿਛਲੇ 2 ਹਫ਼ਤਿਆਂ ਤੋਂ ਉਹ ਬਟਾਲਾ ਵਿੱਚ ਘੁੰਮ ਰਿਹਾ ਸੀ।
ਰਣਜੋਧ ਬਬਲੂ ਦੇ ਖੇਤਾਂ ਵਿੱਚ ਲੁਕਣ ਤੋਂ ਬਾਅਦ ਪੁਲੀਸ ਨੇ ਪਹਿਲਾਂ ਦੂਰਬੀਨ ਰਾਹੀਂ ਉਸ ਦੀ ਭਾਲ ਕੀਤੀ। ਇਸ ਦੌਰਾਨ ਉਸ ਨੂੰ ਵਾਰ-ਵਾਰ ਆਤਮ ਸਮਰਪਣ ਕਰਨ ਲਈ ਕਿਹਾ ਗਿਆ। ਇਸ ਦੇ ਬਾਵਜੂਦ ਉਹ ਲਗਾਤਾਰ ਗੋਲੀਬਾਰੀ ਕਰਦਾ ਰਿਹਾ। ਜਿਸ ਕਾਰਨ ਪੁਲਿਸ ਨੇ ਕਮਾਂਡੋਜ਼ ਨੂੰ ਮੌਕੇ ‘ਤੇ ਬੁਲਾਇਆ। ਇਸ ਤੋਂ ਇਲਾਵਾ ਡਰੋਨ ਰਾਹੀਂ ਉਸ ਦੀ ਭਾਲ ਕੀਤੀ।
ਮੁਕਾਬਲਾ ਸ਼ੁਰੂ ਹੁੰਦੇ ਹੀ ਪੁਲਿਸ ਨੇ ਪਿੰਡ ਕੋਟਲਾ ਬੋਜਾ ਸਿੰਘ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਸੀ। ਪਿੰਡ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਜਾਮ ਕਰ ਦਿੱਤੀਆਂ ਗਈਆਂ। ਪੁਲਿਸ ਨੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਤਾਂ ਜੋ ਪੁਲਿਸ ਅਤੇ ਗੈਂਗਸਟਰ ਦਰਮਿਆਨ ਗੋਲੀਬਾਰੀ ਕਾਰਨ ਉਨ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ। ਇਸ ਦੇ ਨਾਲ ਹੀ ਪਿੰਡ ਆਉਣ ਵਾਲੇ ਲੋਕਾਂ ਨੂੰ ਵੀ ਬਾਹਰੋਂ ਰੋਕ ਦਿੱਤਾ ਗਿਆ।