ਲੁਧਿਆਣਾ, 13 ਅਕਤੂਬਰ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਪ੍ਰੋਡਕਸ਼ਨ ਵਾਰੰਟ ‘ਤੇ ਚੱਲ ਰਹੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਲੁਧਿਆਣਾ ਪੁਲਿਸ ਬਟਾਲਾ ਜੇਲ੍ਹ ਤੋਂ 2 ਦਿਨ ਪਹਿਲਾਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਪੁੱਜੀ ਹੈ। ਜਿਸ ਤੋਂ ਏ. ਜੀ. ਟੀ. ਐੱਫ. ਦੇ ਅਧਿਕਾਰੀਆਂ ਵੱਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਹਥਿਆਰ ਸਪਲਾਈ ਮਾਮਲੇ ’ਚ ਮੁਲਜ਼ਮ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਪੁਲਸ ਸਾਹਮਣੇ ਕਈ ਰਾਜ਼ ਖੋਲ੍ਹੇ ਹਨ। ਉਸ ਨੇ ਪੁਲਿਸ ਨੂੰ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਅੰਜਾਮ ਦੇਣ ਲਈ ਜਿਹੜੇ ਹਥਿਆਰ ਵਰਤੇ ਗਏ ਸਨ, ਉਹ ਉਸ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਕਹਿਣ ’ਤੇ ਹੀ ਸਪਲਾਈ ਕਰਵਾਏ ਸਨ।
ਇਹ ਹਥਿਆਰ ਉਸ ਨੇ ਆਪਣੇ ਨਜ਼ਦੀਕੀ ਸਾਥੀ ਸੰਦੀਪ ਕਾਹਲੋਂ ਤੇ ਬਲਦੇਵ ਚੌਧਰੀ ਜ਼ਰੀਏ ਸਪਲਾਈ ਕਰਵਾਏ ਸਨ ਅਤੇ ਗੈਂਗਸਟਰ ਮਨੀ ਰੱਈਆ ਤੇ ਸੰਦੀਪ ਤੂਫਾਨ ਨੂੰ ਵੀ ਬਠਿੰਡਾ ਪਹੁੰਚਵਾਉਣ ’ਚ ਪੂਰੀ ਮਦਦ ਕੀਤੀ ਸੀ। ਇਹ ਸਭ ਕੁਝ ਉਸ ਨੇ ਜੇਲ੍ਹ ਦੇ ਅੰਦਰ ਮੈਨੇਜ ਕੀਤਾ ਸੀ। ਇਸ ਗੱਲ ਦਾ ਖੁਲਾਸਾ ਖੁਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਪੁਲਸ ਸਾਹਮਣੇ ਕੀਤਾ ਹੈ।
ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬੀਤੇ ਕੱਲ੍ਹ ਫਿਰ ਖਰੜ ਸੈਂਟਰ ਤੋਂ ਲੁਧਿਆਣਾ ਅਦਾਲਤ ’ਚ ਪੇਸ਼ ਕਰਨ ਲਈ ਲਿਆਂਦਾ ਗਿਆ। ਸਖਤ ਸੁਰੱਖਿਆ ’ਚ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲਸ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਲੁਧਿਆਣਾ ਅਦਾਲਤ ਤੋਂ ਲਾਰੈਂਸ ਦਾ ਪੁਲਸ ਨੂੰ ਪਹਿਲਾਂ 14 ਦਿਨ ਦਾ ਰਿਮਾਂਡ ਮਿਲਿਆ ਸੀ। ਬੁੱਧਵਾਰ ਨੂੰ ਅਦਾਲਤ ਵਿਚ ਜਲੰਧਰ ਅਤੇ ਮੋਗਾ ਪੁਲਸ ਉਸ ਦਾ ਟ੍ਰਾਂਜ਼ਿਟ ਰਿਮਾਂਡ ਲੈਣ ਲਈ ਪਹਿਲਾਂ ਤੋਂ ਹੀ ਮੌਜੂਦ ਸੀ। ਇਸ ਦੌਰਾਨ ਅਦਾਲਤ ਨੇ ਉੱਥੇ ਸੁਣਵਾਈ ਕਰਦਿਆਂ ਉਸ ਨੂੰ ਮੋਗਾ ਪੁਲਸ ਕੋਲ ਟ੍ਰਾਂਜ਼ਿਟ ਰਿਮਾਂਡ ’ਤੇ ਭੇਜ ਦਿੱਤਾ ਹੈ।