ਲੁਧਿਆਣਾ, 10 ਅਗਸਤ 2022 – ਗੈਂਗਸਟਰ ਜਤਿੰਦਰਪਾਲ ਸ਼ੇਰਗਿੱਲ ਨੂੰ ਸੀਆਈਏ ਸਟਾਫ਼ ਵੱਲੋਂ 2 ਦਿਨ ਪਹਿਲਾਂ ਪਟਿਆਲਾ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲੁਧਿਆਣਾ ਲਿਆਂਦਾ ਗਿਆ ਸੀ। ਲੁਧਿਆਣਾ ਪੁਲਿਸ ਗੈਂਗਸਟਰ ਜਤਿੰਦਰਪਾਲ ਨੂੰ ਲੁੱਟਣ ਵਾਲੇ ਸਨੈਚਰਾਂ ਨੂੰ ਨਜਾਇਜ਼ ਹਥਿਆਰਾਂ ਦੀ ਤਸਕਰੀ ਦੇ ਮਾਮਲੇ ‘ਚ ਇੱਥੇ ਲਿਆਈ ਹੈ।
ਹਾਲ ਹੀ ‘ਚ 31 ਜੁਲਾਈ ਨੂੰ ਥਾਣਾ ਜਮਾਲਪੁਰ ‘ਚ ਸ਼ਿਵਮ ਨਾਂ ਦੇ ਨੌਜਵਾਨ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਸੀ। ਪੁਲੀਸ ਨੇ ਇਸ ਮੁਲਜ਼ਮ ਕੋਲੋਂ 315 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਮੁਲਜ਼ਮ ਮੁਹੱਲਾ ਰਾਮ ਨਗਰ ਭਾਮੀਆਂ ਕਲਾਂ ਦਾ ਰਹਿਣ ਵਾਲਾ ਹੈ।
ਸੂਤਰਾਂ ਮੁਤਾਬਕ ਪੁੱਛਗਿੱਛ ਦੌਰਾਨ ਦੋਸ਼ੀ ਸ਼ਿਵਮ ਕੁਮਾਰ ਨੇ ਪੁਲਸ ਨੂੰ ਦੱਸਿਆ ਹੈ ਕਿ ਉਸ ਨੂੰ ਇਹ ਹਥਿਆਰ ਕਿਸੇ ਗੈਂਗਸਟਰ ਦੇ ਖਾਸ ਨੇ ਦਿੱਤਾ ਸੀ। ਇਸ ਕੜੀ ‘ਤੇ ਪੁਲਿਸ ਨੇ ਜਾਂਚ ਕੀਤੀ ਅਤੇ ਦੋ ਦਿਨ ਪਹਿਲਾਂ ਪਟਿਆਲਾ ਜੇਲ੍ਹ ‘ਚ ਬੰਦ ਗੈਂਗਸਟਰ ਜਤਿੰਦਰਪਾਲ ਸ਼ੇਰਗਿੱਲ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ। ਦੱਸ ਦਈਏ ਕਿ ਪਿਛਲੇ ਇੱਕ ਮਹੀਨੇ ਤੋਂ ਪੁਲਿਸ ਨੇ ਕਈ ਲੁੱਟ-ਖੋਹ ਕਰਨ ਵਾਲਿਆਂ ਤੋਂ 15 ਤੋਂ 20 ਦੇ ਕਰੀਬ ਨਜਾਇਜ਼ ਪਿਸਤੌਲ ਬਰਾਮਦ ਕੀਤੇ ਹਨ।
ਲੁਧਿਆਣਾ ਪੁਲਿਸ ਹੁਣ ਜਤਿੰਦਰਪਾਲ ਸ਼ੇਰਗਿੱਲ ਦੇ ਜ਼ਰੀਏ ਉਨ੍ਹਾਂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਸ਼ਹਿਰ ਵਿੱਚ ਇਨ੍ਹਾਂ ਲੁੱਟ-ਖੋਹ ਕਰਨ ਵਾਲਿਆਂ ਨੂੰ ਹਥਿਆਰ ਮੁਹੱਈਆ ਕਰਵਾਉਂਦੇ ਹਨ। ਪੁਲੀਸ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਗੈਂਗਸਟਰ ਜਤਿੰਦਰਪਾਲ ਸ਼ੇਰਗਿੱਲ ਨੂੰ ਕੱਲ੍ਹ ਬਾਅਦ ਦੁਪਹਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਪੁਲੀਸ ਨੇ ਉਸ ਦਾ ਰਿਮਾਂਡ ਹਾਸਲ ਕਰ ਲਿਆ ਹੈ।
ਇਸ ਤੋਂ ਬਿਨਾਂ ਗੈਂਗਸਟਰ ਜਤਿੰਦਰਪਾਲ ਸ਼ੇਰਗਿੱਲ ‘ਤੇ ਪਟਿਆਲਾ ਦੇ ਸਨੌਰ ਪਿੰਡ ਦੇ ਸਰਪੰਚ ਤਾਰਾ ਦੱਤ ‘ਤੇ ਗੋਲੀ ਚਲਾਉਣ ਦਾ ਦੋਸ਼ ਹੈ। ਜਤਿੰਦਰ ਸ਼ੇਰਗਿੱਲ ਸਰਪੰਚ ਦੇ ਕਤਲ ਅਤੇ ਇੱਕ ਹੋਰ ਕਤਲ ਦੇ ਮਾਮਲੇ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਸਰਪੰਚ ਤਾਰਾ ਦੱਤ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਨੇ ਐਸ ਕੇ ਖਰੌੜ, ਜਤਿੰਦਰ ਸ਼ੇਰਗਿੱਲ, ਮਨੀ ਵਾਲੀਆ, ਅੱਬੂ ਅਤੇ ਜਸਪ੍ਰੀਤ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਗੈਂਗਸਟਰ ਜਤਿੰਦਰਪਾਲ ਸ਼ੇਰਗਿੱਲ ਲਾਰੈਂਸ ਬਿਸ਼ਨੋਈ ਅਤੇ ਰਿੰਦਾ ਗਰੁੱਪ ਦਾ ਮੈਂਬਰ ਹੈ। ਇਹ ਗੈਂਗਸਟਰ ਐਸ ਕੇ ਖਰੌੜ ਸੀ ਜਿਸ ਨੇ ਜਤਿੰਦਰਪਾਲ ਸ਼ੇਰਗਿੱਲ ਦੀ -ਜਾਣ-ਪਛਾਣ ਲਾਰੈਂਸ ਅਤੇ ਰਿੰਦਾ ਗਰੁੱਪ ਨਾਲ ਕਰਵਾਈ ਸੀ। ਫਿਲਹਾਲ ਪੁਲਸ ਜਤਿੰਦਰਪਾਲ ਸ਼ੇਰਗਿੱਲ ਤੋਂ ਪੁੱਛਗਿੱਛ ਕਰ ਰਹੀ ਹੈ, ਜਿਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ।
ਸੂਤਰ ਦੱਸਦੇ ਹਨ ਕਿ ਪੁਲੀਸ ਨੂੰ ਸ਼ੱਕ ਹੈ ਕਿ ਜਤਿੰਦਰਪਾਲ ਮੂਸੇਵਾਲਾ ਕਤਲ ਕਾਂਡ ਵਿੱਚ ਵੀ ਸ਼ਾਮਲ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਪੁਲੀਸ ਅਦਾਲਤ ਵਿੱਚ ਜਤਿੰਦਰਪਾਲ ਸ਼ੇਰਗਿੱਲ ਦਾ ਰਿਮਾਂਡ ਵਧਾਉਣ ਦੀ ਅਪੀਲ ਕਰੇਗੀ ਤਾਂ ਜੋ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਮੁਲਜ਼ਮਾਂ ਦੀ ਤਸਵੀਰ ਸਪੱਸ਼ਟ ਹੋ ਸਕੇ।